ਇਮਾਨਦਾਰੀ ਦਾ ਫ਼ਲ
ਜੋਗਿੰਦਰ ਕੌਰ ਅਗਨੀਹੋਤਰੀ
ਪਿੰਡ ਵਿੱਚ ਮੇਲਾ ਹੋਣ ਕਰਕੇ ਵਿਦਿਆਰਥੀਆਂ ਨੂੰ ਇੱਕ ਦਿਨ ਦੀ ਛੁੱਟੀ ਕਰ ਦਿੱਤੀ ਗਈ ਸੀ। ਮੇਲੇ ਵਿੱਚ ਪੂਰੀ ਰੌਣਕ ਸੀ ਦੁਕਾਨਾਂ ਸਜੀਆਂ ਹੋਈਆਂ ਸਨ। ਇੱਕ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਵਿਕ ਰਹੀਆਂ ਸਨ ਅਤੇ ਦੂਜੇ ਪਾਸੇ ਬਾਕੀ ਬਾਜ਼ਾਰ ਲੱਗਿਆ ਹੋਇਆ ਸੀ। ਮੇਲੇ ਵਿੱਚ ਸਮਾਧ ਦੇ ਨੇੜੇ ਢੋਲ ਵੱਜ ਰਹੇ ਸਨ ਅਤੇ ਲੋਕੀ ਦੂਰੋਂ ਦੂਰੋਂ ਮੱਥਾ ਟੇਕਣ ਆ ਰਹੇ ਸਨ।
ਸੋਹਣ ਦਾ ਜੀ ਵੀ ਮੇਲੇ ਵਿੱਚ ਜਾਣ ਨੂੰ ਕਰਦਾ ਸੀ, ਇਸ ਲਈ ਉਸ ਨੇ ਆਪਣੀ ਮਾਂ ਨੂੰ ਪੁੱਛਿਆ, ‘‘ਮੰਮੀ ਆਪਾਂ ਮੇਲੇ ਚੱਲਾਂਗੇ?’’
ਸੋਹਣ ਦੀ ਗੱਲ ਸੁਣ ਕੇ ਉਸ ਦੀ ਮੰਮੀ ਸ਼ਰਬਤੀ ਚੁੱਪ ਕਰ ਗਈ। ਉਹ ਕੀ ਬੋਲੇ? ਪ੍ਰੰਤੂ ਸੋਹਣ ਦੇ ਮੂੰਹ ’ਤੇ ਉਦਾਸੀ ਦੇਖਦਿਆਂ ਉਸ ਨੂੰ ਅੰਦਰੋਂ ਇਹ ਮਹਿਸੂਸ ਹੋਇਆ ਕਿ ਉਸ ਦਾ ਬੱਚਾ ਵੀ ਉਦਾਸ ਹੋ ਜਾਵੇਗਾ ਤਾਂ ਉਸ ਨੇ ਕਿਹਾ, ‘‘ਚੱਲ ਤੂੰ ਦੁਪਹਿਰੇ ਜਾ ਆਵੀਂ, ਹੁਣ ਤੂੰ ਟੋਭੇ ’ਤੇ ਮੱਝਾਂ ਲੈ ਜਾ। ਮੱਝਾਂ ਪਾਣੀ ਵੀ ਪੀ ਆਉਣਗੀਆਂ ਅਤੇ ਨਹਾ ਵੀ ਆਉਣਗੀਆਂ।’’
‘‘ਠੀਕ ਐ।’’ ਸੋਹਣ ਨੇ ਮੱਝ ਦਾ ਸੰਗਲ ਖੋਲ੍ਹ ਕੇ ਗਲ ਵਿੱਚੋਂ ਲਾਹ ਦਿੱਤਾ ਅਤੇ ਨਾਲ ਹੀ ਉਸ ਨੇ ਝੋਟੀ ਦਾ ਰੱਸਾ ਵੀ ਲਾਹ ਦਿੱਤਾ। ਸੋਹਣ ਨੇ ਮੱਝਾਂ ਛੱਪੜ ਵੱਲ ਹੱਕ ਲਈਆਂ। ਸੋਹਣ ਦੇ ਪਿਤਾ ਜੀ ਨੂੰ ਗੁਜ਼ਰਿਆਂ ਚਾਰ-ਪੰਜ ਸਾਲ ਬੀਤ ਗਏ ਸਨ। ਉਹ ਦੋਵੇਂ ਮਾਂ-ਪੁੱਤਰ ਹੀ ਘਰ ਵਿੱਚ ਸਨ। ਸੋਹਣ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਸਵੇਰੇ ਸਕੂਲ ਜਾਂਦਾ ਤਾਂ ਆਪਣੀ ਮਾਂ ਨਾਲ ਕੰਮ ਕਰਵਾ ਕੇ ਜਾਂਦਾ। ਉਸ ਦੀ ਮਾਂ ਲੋਕਾਂ ਦਾ ਕੰਮ ਕਰਦੀ ਸੀ ਅਤੇ ਨਾਲ ਹੀ ਆਪਣੇ ਘਰ ਦਾ ਕੰਮ ਵੀ ਕਰਦੀ ਸੀ। ਇਸ ਤਰ੍ਹਾਂ ਦੋਵੇਂ ਮਾਂ ਪੁੱਤ ਸਖ਼ਤ ਮਿਹਨਤ ਕਰਕੇ ਆਪਣਾ ਗੁੁਜ਼ਾਰਾ ਕਰ ਰਹੇ ਸਨ। ਸਕੂਲੋਂ ਛੁੱਟੀ ਹੁੰਦਿਆਂ ਹੀ ਸੋਹਣ ਘਰ ਆ ਕੇ ਕੁਝ ਆਰਾਮ ਕਰਦਾ ਅਤੇ ਫਿਰ ਖੇਤਾਂ ਵਿੱਚੋਂ ਮੱਝਾਂ ਲਈ ਕੱਖ ਖੋਤ ਕੇ ਲਿਆਉਂਦਾ। ਉਸ ਦੀ ਮਾਂ ਵਿਚਾਰੀ ਖੇਤਾਂ ਵਿੱਚੋਂ ਕੱਖ ਪੱਠਾ ਵੀ ਲੈ ਕੇ ਆਉਂਦੀ ਤੇ ਨਾਲ ਲੱਕੜਾਂ ਵੀ ਚੁਗ ਕੇ ਲਿਆਉਂਦੀ।
ਸੋਹਣ ਦੀ ਮਾਂ ਅਜੇ ਕੰਮ ਕਰ ਹੀ ਰਹੀ ਸੀ ਕਿ ਸੋਹਣ ਮੱਝਾਂ ਲੈ ਕੇ ਵਾਪਸ ਆ ਗਿਆ। ਮੱਝਾਂ ਕਿੱਲੇ ’ਤੇ ਬੰਨ੍ਹਣ ਤੋਂ ਬਾਅਦ ਉਹ ਮੇਲੇ ਜਾਣ ਲਈ ਆਪਣੀ ਮਾਂ ਦੀ ਆਗਿਆ ਲੈਣ ਲਈ ਖੜ੍ਹ ਗਿਆ, ਪਰ ਉਸ ਨੇ ਕੁਝ ਵੀ ਨਾ ਕਿਹਾ। ਸੋਹਣ ਦੀ ਮਾਂ ਨੇ ਉਸ ਦੀ ਮਨੋਭਾਵਨਾ ਨੂੰ ਸਮਝਦਿਆਂ ਪੁੱਛਿਆ, ‘‘ਮੇਲੇ ’ਚ ਜਾਣੈ?’’
‘‘ਹਾਂ! ਮੰਮੀ ਜਾਣੈ।’’
‘‘ਠੀਕ ਐ, ਚਲਿਆ ਜਾਹ, ਪਰ ਕਿਸੇ ਮਾੜੇ ਜਵਾਕ ਨਾਲ ਨਾ ਰਲੀਂ। ਅੱਜਕੱਲ੍ਹ ਟਾਈਮ ਬੜਾ ਮਾੜੈ। ਕਿਸੇ ਦੇ ਪਿੱਛੇ ਲੱਗ ਕੇ ਕੋਈ ਸ਼ਰਾਰਤ ਨਾ ਕਰੀਂ। ਜਾ ਦੋ ਘੰਟੇ ਮੇਲਾ ਦੇਖ ਆ। ਆਹ ਲੈ ਪੰਜਾਹ ਰੁਪੈਈਏ।’’ ਸੋਹਣ ਨੇ ਚੁੱਪ ਚਾਪ 50 ਰੁਪਏ ਫੜ ਲਏ ਅਤੇ ਜੇਬ ਵਿੱਚ ਪਾ ਕੇ ਘਰੋਂ ਚੱਲ ਪਿਆ। ਬੇਸ਼ੱਕ ਉਸ ਨੇ 50 ਰੁਪਏ ਲੈ ਲਏ ਸਨ, ਪਰ ਉਸ ਦਾ ਖਰਚਣ ਨੂੰ ਦਿਲ ਨਹੀਂ ਕਰਦਾ ਸੀ। ਉਸ ਨੂੰ ਇਹ ਪਤਾ ਸੀ ਕਿ ਉਹ ਦੋਵੇਂ ਮਾਂ-ਪੁੱਤ ਕਿਵੇਂ ਪੈਸੇ ਕਮਾਉਂਦੇ ਹਨ। ਸੋ ਉਸ ਨੇ ਆਪਣੇ ਮਨ ਵਿੱਚ ਪੱਕੀ ਧਾਰ ਲਈ ਕਿ ਉਹ ਸਿਰਫ਼ 20 ਰੁਪਏ ਹੀ ਖ਼ਰਚ ਕਰੇਗਾ ਅਤੇ ਬਾਕੀ 30 ਰੁਪਏ ਆਪਣੀ ਮਾਂ ਨੂੰ ਮੋੜ ਕੇ ਲਿਆ ਕੇ ਦੇਵੇਗਾ।
ਇਸ ਤਰ੍ਹਾਂ ਸੋਚਾਂ ਸੋਚਦਾ ਉਹ ਮੇਲੇ ਵਿੱਚ ਪਹੁੰਚ ਗਿਆ। ਸਭ ਤੋਂ ਪਹਿਲਾਂ ਉਸ ਨੇ ਅੰਦਰ ਜਾ ਕੇ ਮੱਥਾ ਟੇਕ ਕੇ ਆਉਣਾ ਸੀ, ਸੋ ਉਹ ਚਲਾ ਗਿਆ। ਉੱਥੇ ਇੰਨੀ ਭੀੜ ਸੀ ਕਿ ਸਾਹ ਘੁੱਟਦਾ ਪ੍ਰਤੀਤ ਹੋ ਰਿਹਾ ਸੀ। ਉਹ ਵਾਪਸ ਮੁੜ ਪਿਆ। ਉਹ ਅਜੇ ਕੁਝ ਕਦਮ ਹੀ ਅੱਗੇ ਆਇਆ ਸੀ ਕਿ ਉਸ ਦੀ ਨਜ਼ਰ ਧਰਤੀ ’ਤੇ ਚਮਕਦੀ ਚੀਜ਼ ’ਤੇ ਪਈ। ਇਹ ਕਿਸੇ ਔਰਤ ਦੇ ਕੰਨ ਦੀ ਵਾਲੀ ਸੀ। ਸੋਹਣ ਨੇ ਇਹ ਵਾਲੀ ਚੁੱਕ ਲਈ ਅਤੇ ਆਪਣੀ ਜੇਬ ਵਿੱਚ ਪਾ ਲਈ। ਉਹ ਉੱਧਰ ਨੂੰ ਤੁਰ ਪਿਆ, ਇੱਧਰੋਂ ਲਾਊਡ ਸਪੀਕਰ ਦੀ ਆਵਾਜ਼ ਆ ਰਹੀ ਸੀ । ਸੋਹਣ ਨੇ ਉੱਥੇ ਬੈਠੇ ਪ੍ਰਬੰਧਕਾਂ ਕੋਲ ਜਾ ਕੇ ਇੱਕ ਆਦਮੀ ਨੂੰ ਕਿਹਾ, ‘‘ਜੀ ਕਿਸੇ ਦੀ ਕੋਈ ਸੋਨੇ ਦੀ ਚੀਜ਼ ਡਿੱਗੀ ਹੈ ਤੇ ਤੁਸੀਂ ਸਪੀਕਰ ਵਿੱਚ ਬੋਲ ਦੇਵੋ ਤਾਂ ਕਿ ਅਗਲਾ ਪਛਾਣ ਕੇ ਲੈ ਜਾਵੇ।’’
‘‘ਦਿਖਾ?’’ ਇੱਕ ਆਦਮੀ ਨੇ ਪੁੱਛਿਆ।
ਸੋਹਣ ਨੇ ਆਪਣੀ ਜੇਬ ਵਿੱਚੋਂ ਵਾਲੀ ਕੱਢ ਕੇ ਪ੍ਰਬੰਧਕਾਂ ਨੂੰ ਦਿਖਾਈ ਤਾਂ ਇੱਕ ਆਦਮੀ ਨੇ ਕਿਹਾ, ‘‘ਕਿਤੇ ਨਕਲੀ ਨਾ ਹੋਵੇ।’’
‘‘ਨਕਲੀ ਹੋਈ ਤਾਂ ਕਿਸੇ ਨੇ ਆਉਣਾ ਹੀ ਨਹੀਂ। ਅਸਲੀ ਹੋਈ ਤਾਂ ਅਗਲੀ ਭੱਜੀ ਆਊ। ਨਾਲੇ ਬੋਲਣ ਵਿੱਚ ਕੀ ਨੁਕਸਾਨ ਐ?’’ ਇੱਕ ਹੋਰ ਨੇ ਕਿਹਾ।
ਇੰਨੇ ਨੂੰ ਇੱਕ ਵਿਅਕਤੀ ਨੇ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ। ਸੂਚਨਾ ਖ਼ਤਮ ਹੁੰਦਿਆਂ ਹੀ ਭੀੜ ਵਿੱਚ ਘੁਸਲ ਮੁਸਰ ਹੋਣ ਲੱਗੀ ਅਤੇ ਕੁਝ ਚਿਰ ਮਗਰੋਂ ਇੱਕ ਬਜ਼ੁਰਗ ਔਰਤ ਸਾਹੋ ਸਾਹੀ ਆਉਂਦੀ ਦਿਸੀ। ਸੋਹਣ ਸਮਝ ਗਿਆ ਕਿ ਇਸ ਔਰਤ ਦੀ ਹੀ ਵਾਲੀ ਗੁਆਚੀ ਹੈ। ਉਸ ਨੇ ਆਉਂਦੇ ਹੀ ਪੁੱਛਿਆ, ‘‘ਲਿਆਓ ਦਿਖਾਓ ਭਾਈ?’’
‘‘ਮਾਤਾ ਜੀ ਪਹਿਲਾਂ ਆਪਣੀ ਦੂਜੀ ਵਾਲੀ ਦਿਖਾਓ, ਫਿਰ ਅਸੀਂ ਤੁਹਾਨੂੰ ਆਪਣੇ ਵੱਲੋਂ ਵਿਖਾਵਾਂਗੇ।’’
ਔਰਤ ਨੇ ਆਪਣੇ ਸਿਰ ਦੀ ਚੁੰਨੀ ਨੂੰ ਇੱਕ ਪਾਸੇ ਕਰਕੇ ਕੰਨ ਨੰਗਾ ਕਰਕੇ ਦਿਖਾਉਂਦੇ ਹੋਏ ਕਿਹਾ, ‘‘ਲੈ ਭਾਈ ਆਹ ਦੇਖ ਲਓ ਐਵੇਂ ਨ੍ਹੀਂ ਮੈਂ ਕਹਿੰਦੀ। ਮੇਰੀ ਦੂਜੀ ਵਾਲੀ ਡਿੱਗ ਪਈ।’’
‘‘ਦਿਖਾ ਬਈ ਛੋਟਿਆ!’’ ਪ੍ਰਬੰਧਕਾਂ ਨੇ ਸੋਹਣ ਨੂੰ ਕਿਹਾ। ਸੋਹਣ ਨੇ ਜੇਬ ਵਿੱਚੋਂ ਵਾਲੀ ਕੱਢੀ ਅਤੇ ਬਜ਼ੁਰਗ ਔਰਤ ਨੂੰ ਪਛਾਣ ਵਜੋਂ ਦਿਖਾਉਣ ਲੱਗਾ। ਔਰਤ ਆਪਣੀ ਵਾਲੀ ਪਛਾਣ ਕੇ ਬਹੁਤ ਖ਼ੁਸ਼ ਹੋਈ। ਉਸ ਨੇ ਸੋਹਣ ਨੂੰ 1000 ਰੁਪਏ ਦਿੰਦੇ ਕਿਹਾ, ‘‘ਲੈ ਪੁੱਤ, ਤੇਰਾ ਨਾਮ (ਇਨਾਮ)।’’
‘‘ਨਹੀਂ ਮਾਤਾ ਜੀ, ਮੈਂ ਪੈਸੇ ਨਹੀਂ ਲੈਂਦਾ।’’
‘‘ਕਿਉਂ ਨਹੀਂ ਲੈਂਦਾ? ਲੈ ਲੈ। ਤੂੰ ਹੱਕਦਾਰ ਐਂ। ਇਹ ਵਾਲੀ 20 ਹਜ਼ਾਰ ਤੋਂ ਉੱਤੇ ਦੀ ਐ।’’
‘‘ਲੈ ਲੈ ਪੁੱਤ, ਮੈਂ ਖ਼ੁਸ਼ ਹੋ ਕੇ ਦਿੰਨੀ ਆਂ। ਜਿਉਂਦਾ ਵਸਦਾ ਰਹੇਂ।’’ ਬਜ਼ੁਰਗ ਔਰਤ ਨੇ ਅਸੀਸਾਂ ਦਿੰਦੇ ਕਿਹਾ।
ਜ਼ਿਆਦਾ ਜ਼ੋਰ ਪਾਉਣ ’ਤੇ ਸੋਹਣ ਨੇ ਹਜ਼ਾਰ ਰੁਪਏ ਲੈ ਲਏ ਅਤੇ ਉਸ ਭੀੜ ਵਿੱਚੋਂ ਬਾਹਰ ਆ ਗਿਆ। ਪਹਿਲਾਂ ਉਸ ਦਾ ਜੀ ਕੀਤਾ ਕਿ ਉਹ ਲੰਗਰ ਛਕ ਲਵੇ, ਪਰ ਉਸ ਦਾ ਜੀ ਤਾਂ ਛੋਲੇ-ਭਟੂਰਿਆਂ ਨੂੰ ਕਰਦਾ ਸੀ। ਉਹ ਬਾਹਰ ਛੋਲੇ-ਭਟੂਰਿਆਂ ਦੀ ਦੁਕਾਨ ’ਤੇ ਆ ਗਿਆ ਅਤੇ ਉਸ ਨੇ 20 ਰੁਪਏ ਦੇ ਛੋਲੇ ਭਟੂਰੇ ਖਾਧੇ। ਉਸ ਦਾ ਜੀ ਆਈਸਕ੍ਰੀਮ ਖਾਣ ਨੂੰ ਵੀ ਕਰਦਾ ਸੀ, ਪਰ ਉਸ ਨੇ ਮੇਲੇ ਵਿੱਚ ਇੱਕ-ਦੋ ਚੱਕਰ ਇੱਧਰ ਉੱਧਰ ਕੱਟਣ ਤੋਂ ਬਾਅਦ 10 ਰੁਪਏ ਵਾਲੀ ਆਈਸਕ੍ਰੀਮ ਹੀ ਖਾਧੀ ਅਤੇ ਵਾਪਸ ਘਰ ਨੂੰ ਤੁਰ ਪਿਆ। ਰਸਤੇ ਵਿੱਚ ਆਉਂਦਾ ਹੋਇਆ ਉਹ ਆਪਣੀ ਮਾਂ ਦੀਆਂ ਗੱਲਾਂ ਨੂੰ ਵਿਚਾਰਨ ਲੱਗਾ ਕਿ ਕਿਸੇ ਗ਼ਲਤ ਬੱਚੇ ਨਾਲ ਨਹੀਂ ਰਲਣਾ। ਉਸ ਨੂੰ ਚਾਅ ਚੜਿ੍ਹਆ ਹੋਇਆ ਸੀ ਕਿ ਉਸ ਨੇ ਉਸ ਔਰਤ ਦੀ ਵਾਲੀ ਦੇ ਕੇ ਬਹੁਤ ਚੰਗਾ ਕੰਮ ਕੀਤਾ ਹੈ। ਉਸ ਨੇ ਸੋਚਿਆ ਕਿ ਉਸ ਦੀ ਮਾਂ ਉਸ ਦੀ ਇਹ ਗੱਲ ਸੁਣ ਕੇ ਬਹੁਤ ਖ਼ੁਸ਼ ਹੋਵੇਗੀ। ਇਸ ਤਰ੍ਹਾਂ ਸੋਚਾਂ ਸੋਚਦਾ ਉਹ ਘਰ ਆ ਗਿਆ। ਉਸ ਦੀ ਮਾਂ ਨੇ ਉਸ ਨੂੰ ਘਰ ਆਇਆ ਦੇਖ ਕੇ ਪੁੱਛਿਆ, ‘‘ਮੇਲਾ ਦੇਖ ਵੀ ਆਇਆ?’’
‘‘ਹਾਂ ਮੰਮੀ।’’ ਇਹ ਕਹਿ ਕੇ ਉਸ ਨੇ ਆਪਣੀ ਜੇਬ ਵਿੱਚੋਂ 20 ਰੁਪਏ ਕੱਢ ਕੇ ਆਪਣੀ ਮਾਂ ਨੂੰ ਫੜਾਉਂਦੇ ਹੋਏ ਕਿਹਾ।
ਉਸ ਨੇ ਆਪਣੀ ਮਾਂ ਦੇ ਬੋਲਣ ਤੋਂ ਪਹਿਲਾਂ ਹੀ ਕਿਹਾ, ‘‘ਮੈਂ ਸਿਰਫ਼ 30 ਰੁਪਏ ਖ਼ਰਚ ਕੀਤੇ ਨੇ।’’
‘‘ਤੀਹ ਵਿੱਚ ਹੀ ਰੱਜ ਲਿਆ?’’
‘‘ਹਾਂ, ਛੋਲੇ-ਭਟੂਰੇ ਅਤੇ ਆਈਸਕ੍ਰੀਮ ਖਾਧੀ ਹੈ, ਪਰ ਇੱਕ ਗ਼ਲਤੀ ਹੋ ਗਈ ਮੈਥੋਂ।’’
‘‘ਵੇ ਕੀ ਗ਼ਲਤੀ ਹੋ ਗਈ?’’
‘‘ਮੈਂ ਤੇਰੇ ਵਾਸਤੇ ਕੁਝ ਨ੍ਹੀਂ ਲਿਆਇਆ।’’
‘‘ਚੱਲ ਮੈਂ ਕਿਹੜਾ ਨਿਆਣੀ ਆ। ਤੂੰ ਹੋਰ ਕੁਝ ਖਾ ਲੈਂਦਾ ਜੇ ਖਾਣਾ ਸੀ?’’
ਕੁਝ ਚਿਰ ਬਾਅਦ ਸੋਹਣ ਨੇ ਆਪਣੀ ਮੰਮੀ ਨੂੰ ਪੰਜ-ਪੰਜ ਸੌ ਦੇ ਦੋ ਨੋਟ ਕੱਢ ਕੇ ਫੜਾਉਂਦਿਆਂ ਕਿਹਾ, ‘‘ਲੈ ਮੰਮੀ।’’
‘‘ਵੇ ਇਹ ਕਿੱਥੋਂ ਲਿਆਇਐਂ?’’ ਸੋਹਣ ਦੀ ਮੰਮੀ ਨੇ ਘਬਰਾ ਕੇ ਪੁੱਛਿਆ।
‘‘ਇਹ ਮੈਨੂੰ ਇਨਾਮ ਵਿੱਚ ਮਿਲੇ ਨੇ।’’
‘‘ਤੈਨੂੰ ਕਾਹਦਾ ਨਾਮ ਮਿਲਿਐ?’’
ਸੋਹਣ ਨੇ ਸਾਰੀ ਘਟਨਾ ਆਪਣੀ ਮਾਂ ਸਾਹਮਣੇ ਬਿਆਨ ਕੀਤੀ ਤੇ ਕਿਹਾ, ‘‘ਮੈਂ ਤਾਂ ਲੈਂਦਾ ਨਹੀਂ ਸੀ, ਪਰ ਉਸ ਨੇ ਮੱਲੋ ਮਲੀ ਦੇ ਦਿੱਤੇ। ਮਾਤਾ ਕਹਿਣ ਲੱਗੀ ਕਿ ਉਸ ਦੀ ਵਾਲੀ 20 ਹਜ਼ਾਰ ਦੀ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਮੇਰੀ ਇਮਾਨਦਾਰੀ ਤੋਂ ਬਹੁਤ ਖ਼ੁਸ਼ ਐ।’’
ਸੋਹਣ ਦੀ ਮਾਤਾ ਉਸ ਦੀ ਇਮਾਨਦਾਰੀ ਤੋਂ ਬਹੁਤ ਖ਼ੁਸ਼ ਹੋਈ ਅਤੇ ਪਿਆਰ ਨਾਲ ਉਸ ਦਾ ਮੱਥਾ ਚੁੰਮ ਕੇ ਕਿਹਾ, ‘‘ਮੈਂ ਸਦਕੇ ਜਾਵਾਂ।’’
ਸੰਪਰਕ: 94178-40323