ਇਤਿਹਾਸਕ ਪਿੰਡ ਦਾਊਂ ਦਾ ਮਾਘੀ ਮੇਲਾ ਸਮਾਪਤ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਜਨਵਰੀ
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਡੇਰਾ ਬਾਬਾ ਖੜਕ ਸਿੰਘ ਵਿਖੇ ਅੱਜ ਮਾਘੀ ਸੰਗਰਾਂਦ ਦਾ ਮੇਲਾ ਸਮਾਪਤ ਹੋ ਗਿਆ। ਹੱਡ ਚੀਰਵੀਂ ਠੰਢ ਦੇ ਬਾਵਜੂਦ ਪੰਜਾਬ ਸਣੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਅਤੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਈ। ਜ਼ਿਲ੍ਹਾ ਪ੍ਰਸ਼ਾਸਨ ਤੇ ਬਲੌਂਗੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਪਿੰਡ ਦੇ ਵਸਨੀਕ ਤੇ ਨੌਜਵਾਨ ਆਗੂ ਨਰੇਸ਼ ਨੇਸ਼ੀ ਨੇ ਦੱਸਿਆ ਕਿ ਉਹ ਹਰ ਸਾਲ ਇੱਥੇ ਲੰਗਰ ਲਗਾਉਂਦੇ ਹਨ। ਇਸ ਵਾਰ ਪਾਣੀ ਅਤੇ ਕੌਫ਼ੀ ਦਾ ਲੰਗਰ ਲਗਾਇਆ। ਪਿੰਡ ਦਾਊਂ ਦੇ ਸਰਪੰਚ ਤੇ ਕਿਸਾਨ ਆਗੂ ਗੁਰਨਾਮ ਸਿੰਘ ਕਾਲਾ, ਰਣਧੀਰ ਸਿੰਘ, ਰਾਜੂ ਦਾਊਂ, ਸਲਮਾਨ ਅਤੇ ਪਤਵੰਤੇ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਖੜਕ ਸਿੰਘ ਦਾਊਂ ਸਾਹਿਬ ਇਤਿਹਾਸਕ ਅਸਥਾਨ ਹੈ। ਇੱਥੇ ਲੋਕ ਸ਼ਰਧਾ ਨਾਲ ਮੱਥਾ ਟੇਕਦੇ ਹਨ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮੰਨਤਾਂ ਮੰਗਦੇ ਹਨ। ਇੱਥੇ ਇੱਕ ਸੰਗਮਰਮਰ ਦੇ ਬਣੇ ਚਬੂਤਰੇ ਉੱਤੇ 24 ਗਜ਼ ਦੀ ਲੰਬਾਈ ਵਾਲੇ ਲੱਕੜ ਦੇ ਬਾਂਸ ’ਤੇ ਪੀਲੇ ਰੰਗ ਦੇ ਬਸਤਰ ਦਾ ਝੰਡਾ ਚੜ੍ਹਾਇਆ ਜਾਂਦਾ ਹੈ। ਇੱਥੇ ਵੀ ਲੋਕ ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੇ ਹਨ ਅਤੇ ਸੰਗਤ ਪੈਸੇ, ਕੜਾਹ ਪ੍ਰਸ਼ਾਦ, ਪਤਾਸੇ, ਦੁੱਧ, ਦੇਸੀ ਘੀ, ਅਨਾਜ, ਬਸਤਰ ਆਦਿ ਭੇਟ ਕਰਦੀ ਹੈ। ਇੱਥੇ ਲੱਡੂ ਅਤੇ ਪਤਾਸਿਆਂ ਦਾ ਪ੍ਰਸ਼ਾਦ ਅਤੇ ਖਿਚੜੀ ਦਾ ਲੰਗਰ ਅਤੁੱਟ ਵਰਤਿਆ। ਹਰ ਸਾਲ ਮਾਘੀ ਵਾਲੇ ਦਿਨ ਇਸ ਪਵਿੱਤਰ ਅਸਥਾਨ ’ਤੇ ਦੇਸ਼-ਵਿਦੇਸ਼ ’ਚੋਂ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ।