ਇਜ਼ਰਾਈਲ-ਹਮਾਸ ਜੰਗ ਦੇ ਖ਼ਾਤਮੇ ਦੀ ਤਜਵੀਜ਼ ਬਾਰੇ ਚਰਚਾ
ਦੀਰ ਅਲ-ਬਲਾਹ, 23 ਅਪਰੈਲ
ਇਜ਼ਰਾਈਲ-ਹਮਾਸ ਜੰਗ ਦੇ ਖ਼ਾਤਮੇ ਦੀ ਤਜਵੀਜ਼ ਬਾਰੇ ਅਰਬ ਵਿਚੋਲਿਆਂ ਵੱਲੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਤਜਵੀਜ਼ ’ਚ ਪੰਜ ਤੋਂ ਸੱਤ ਸਾਲ ਦੇ ਸ਼ਾਂਤੀ ਸਮਝੌਤੇ ਸਮੇਤ ਸਾਰੇ ਬੰਦੀਆਂ ਦੀ ਰਿਹਾਈ ਵੀ ਸ਼ਾਮਲ ਹੈ। ਉਧਰ ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਸ਼ਹਿਰ ਦੇ ਸਕੂਲ ’ਚ ਬਣੇ ਸ਼ਰਨਾਰਥੀ ਕੈਂਪ ’ਤੇ ਕੀਤੇ ਗਏ ਹਮਲੇ ਦੌਰਾਨ 23 ਵਿਅਕਤੀ ਮਾਰੇ ਗਏ।
ਮਿਸਰ ਅਤੇ ਕਤਰ ਵੱਲੋਂ ਸਮਝੌਤੇ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਮਿਸਰ ਅਤੇ ਹਮਾਸ ਦੇ ਅਧਿਕਾਰੀਆਂ ਮੁਤਾਬਕ ਤਜਵੀਜ਼ ’ਚ ਇਜ਼ਰਾਇਲੀ ਫੌਜ ਦੀ ਪੂਰੀ ਗਾਜ਼ਾ ਪੱਟੀ ’ਚੋਂ ਹੌਲੀ-ਹੌਲੀ ਵਾਪਸੀ ਅਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਵੀ ਸ਼ਾਮਲ ਹੈ। ਹਮਾਸ ਦਾ ਵਫ਼ਦ ਮੰਗਲਵਾਰ ਨੂੰ ਕਾਹਿਰਾ ਪਹੁੰਚ ਗਿਆ ਹੈ ਜੋ ਸ਼ਾਂਤੀ ਸਮਝੌਤੇ ਦੀ ਤਜਵੀਜ਼ ਬਾਰੇ ਵਿਚਾਰ ਵਟਾਂਦਰਾ ਕਰੇਗਾ। ਮਿਸਰ ਦੇ ਅਧਿਕਾਰੀ ਨੇ ਕਿਹਾ ਕਿ ਤਜਵੀਜ਼ਤ ਸਮਝੌਤੇ ਤਹਿਤ ਗਾਜ਼ਾ ਦਾ ਰਾਜ ਪ੍ਰਬੰਧ ਸਿਆਸੀ ਤੌਰ ’ਤੇ ਨਿਰਪੱਖ ਆਗੂਆਂ ਦੀ ਇਕ ਕਮੇਟੀ ਦੇਖੇਗੀ ਜਿਸ ਲਈ ਹਮਾਸ ਨੇ ਪ੍ਰਵਾਨਗੀ ਦੇ ਦਿੱਤੀ ਹੈ। ਹਮਾਸ ਦੇ ਅਧਿਕਾਰੀ ਨੇ ਕਿਹਾ ਕਿ ਇਜ਼ਰਾਇਲੀ ਫੌਜ ਦੀ ਮੁਕੰਮਲ ਵਾਪਸੀ ਸਮੇਤ ਰੂਸ, ਚੀਨ, ਤੁਰਕੀ ਜਾਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਸੰਭਾਵੀ ਗਾਰੰਟਰ ਹੋਣਗੇ ਤਾਂ ਉਹ ਸ਼ਾਂਤੀ ਸਮਝੌਤੇ ਲਈ ਤਿਆਰ ਹਨ। ਇਜ਼ਰਾਇਲੀ ਅਧਿਕਾਰੀਆਂ ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਪਰ ਉਸ ਨੇ ਅਜਿਹੇ ਕਿਸੇ ਵੀ ਪ੍ਰਬੰਧ ਦਾ ਵਿਰੋਧ ਕੀਤਾ ਹੈ ਜਿਸ ਤਹਿਤ ਹਮਾਸ ਨੂੰ ਗਾਜ਼ਾ ’ਚ ਆਪਣਾ ਰਸੂਖ ਬਹਾਲ ਕਰਨ ’ਚ ਸਹਾਇਤਾ ਮਿਲ ਸਕੇ। -ਏਪੀ