ਇਜ਼ਰਾਈਲ ਵੱਲੋਂ ਗਾਜ਼ਾ ’ਚ ਮਾਨਵੀ ਜ਼ੋਨ ਵਿਚਲੇ ਕੈਂਪ ’ਤੇ ਹਮਲਾ, 40 ਹਲਾਕ
ਡੀਰ ਅਲ-ਬਲਾਹ, 10 ਸਤੰਬਰ
ਇਜ਼ਰਾਈਲ ਨੇ ਅੱਜ ਵੱਡੇ ਤੜਕੇ ਗਾਜ਼ਾ ਵਿਚ ਫ਼ਲਸਤੀਨੀਆਂ ਦੀ ਰਿਹਾਇਸ਼ ਵਾਲੇ ਭੀੜ-ਭੜੱਕੇ ਵਾਲੇ ਟੈਂਟ ਕੈਂਪ ’ਤੇ ਹਵਾਈ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 60 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਕੈਂਪ ਇਜ਼ਰਾਈਲ-ਹਮਾਸ ਜੰਗ ਕਰਕੇ ਘਰੋਂ ਬੇਘਰ ਹੋਏ ਫਲਸਤੀਨੀਆਂ ਦਾ ਟਿਕਾਣਾ ਹੈ। ਇਹ ਮੁਵਾਸੀ ਵਿਚ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਸੀ। ਮੁਵਾਸੀ ਗਾਜ਼ਾ ਦੇ ਸਾਹਿਲ ਨਾਲ ਲੱਗਦਾ ਭੀੜ-ਭੜੱਕੇ ਵਾਲਾ ਟੈਂਟ ਕੈਂਪ ਹੈ, ਜਿਸ ਨੂੰ ਇਜ਼ਰਾਈਲ ਨੇ ਜੰਗ ਕਰਕੇ ਪਨਾਹ ਦੀ ਤਲਾਸ਼ ਕਰ ਰਹੇ ਹਜ਼ਾਰਾਂ ਸਿਵਲੀਅਨਾਂ ਲਈ ਮਾਨਵੀ ਜ਼ੋਨ ਐਲਾਨਿਆ ਹੋਇਆ ਹੈ।
ਗਾਜ਼ਾ ਦੇ ਸਿਵਲ ਡਿਫੈਂਸ ਨੇ ਕਿਹਾ ਕਿ ਹਮਲੇ ਵਾਲੀ ਥਾਂ ਤੋਂ 40 ਲਾਸ਼ਾਂ ਮਿਲੀਆਂ ਹਨ ਤੇ ਅਜੇ ਵੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਮਲੇ ਵਿਚ ਟੈਂਟਾਂ ’ਚ ਰਹਿੰਦੇ ਪੂਰੇ ਪਰਿਵਾਰ ਖ਼ਤਮ ਹੋ ਗਏ। ਅਤਾਫ਼ ਅਲ-ਸ਼ਾਰ, ਜੋ ਰਾਫ਼ਾਹ ਦੇ ਦੱਖਣੀ ਸ਼ਹਿਰ ਤੋਂ ਬੇਘਰ ਹੈ, ਨੇ ਕਿਹਾ ਕਿ ਹਮਲਾ ਅੱਧੀ ਰਾਤ ਨੂੰ ਹੋਇਆ ਤੇ ਅੱਗ ਲੱਗ ਗਈ। ਉਸ ਨੇ ਇਸ ਖ਼ਬਰ ਏਜੰਸੀ ਦੇ ਰਿਪੋਰਟਰ ਨੂੰ ਦੱਸਿਆ, ‘ਲੋਕ ਰੇਤ ਵਿਚ ਹੀ ਦਫ਼ਨ ਹੋ ਗਏ।’ ਖ਼ਾਨ ਯੂਨਿਸ ਵਿਚ ਨਾਸਿਰ ਹਸਪਤਾਲ ਨੇ ਕਿਹਾ ਕਿ ਹਸਪਤਾਲ ਵਿਚ ਦੋ ਦਰਜਨ ਤੋਂ ਵੱਧ ਲਾਸ਼ਾਂ ਲਿਆਂਦੀਆਂ ਗਈਆਂ ਹਨ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਦਾ ਨਿਸ਼ਾਨਾ ਹਮਾਸ ਦਹਿਸ਼ਤਗਰਦ ਸਨ, ਜੋ ਕਮਾਂਡ ਤੇ ਕੰਟਰੋਲ ਸੈਂਟਰ ਤੋਂ ਆਪਣੀਆਂ ਕਾਰਵਾਈਆਂ ਚਲਾ ਰਹੇ ਹਨ। ਇਜ਼ਰਾਈਲ ਨੇ ਕਿਹਾ ਕਿ ਆਮ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ ਉਸ ਦੇ ਸੁਰੱਖਿਆ ਬਲਾਂ ਵੱਲੋਂ ਹਵਾਈ ਨਿਗਰਾਨੀ ਤੇ ਹੋਰ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਜ਼ਰਾਇਲੀ ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਹਮਲੇ ਵਿਚ ਮਾਰੇ ਗਏ ਦਹਿਸ਼ਤਗਰਦ 7 ਅਕਤੂਬਰ ਦੇ ਹਮਲੇ ਵਿਚ ਸਿੱਧੇ ਤੌਰ ’ਤੇ ਸ਼ਾਮਲ ਸਨ। ਹਮਾਸ ਨੇ ਹਾਲਾਂਕਿ ਇਕ ਬਿਆਨ ਵਿਚ ਇਲਾਕੇ ’ਚ ਕਿਸੇ ਦਹਿਸ਼ਤਗਰਦ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ। -ਏਪੀ