ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਹੋਰ ਵਾਇਰਸ

04:31 AM Jan 07, 2025 IST

ਐੱਚਐੱਮਪੀਵੀ (ਹਿਊਮਨ ਮੈਟਾਨਿਊਮੋਵਾਇਰਸ) ਦੇ ਬੰਗਲੁਰੂ ’ਚ ਦੋ ਅਤੇ ਗੁਜਰਾਤ ’ਚ ਇੱਕ ਕੇਸ ਸਾਹਮਣੇ ਆਉਣ ਨਾਲ ਸਾਹ ਪ੍ਰਣਾਲੀ ਨਾਲ ਜੁੜੇ ਇਸ ਵਾਇਰਸ ਬਾਰੇ ਜਾਗਰੂਕਤਾ ਦਾ ਪੱਧਰ ਵਧਿਆ ਹੈ। ਪਹਿਲੀ ਵਾਰ ਇਸ ਵਾਇਰਸ ਦੀ ਸ਼ਨਾਖ਼ਤ 2001 ਵਿੱਚ ਕੀਤੀ ਗਈ ਸੀ। ਇਹ ਭਾਵੇਂ ਨਵਾਂ ਨਹੀਂ, ਫਿਰ ਵੀ ਇਹ ਹੋਣ ’ਤੇ ਸਿਹਤ ਨਾਲ ਸਬੰਧਿਤ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖ਼ਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਉਨ੍ਹਾਂ ਨੂੰ ਇਹ ਜ਼ਿਆਦਾ ਪ੍ਰੇਸ਼ਾਨ ਕਰ ਸਕਦਾ ਹੈ ਜਿਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਸਮਰੱਥਾ ਘਟੀ ਹੋਈ ਹੈ। ਭਾਰਤ ’ਚ ਮਿਲੇ ਸਾਰੇ ਕੇਸ ਬੱਚਿਆਂ ਦੇ ਹਨ, ਤੇ ਹਾਲੀਆ ਸਫ਼ਰ ਦਾ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਹ ਦਰਸਾਉਂਦਾ ਹੈ ਕਿ ਵਾਇਰਸ ਇੱਥੇ ਪਹਿਲਾਂ ਤੋਂ ਹੀ ਮੌਜੂਦ ਹੈ। ਆਲਮੀ ਪੱਧਰ ’ਤੇ ਐੱਚਐੱਮਪੀਵੀ ਨੂੰ ਸਾਹ ਨਾਲ ਸਬੰਧਿਤ ਗੰਭੀਰ ਰੋਗਾਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ, ਵਿਸ਼ੇਸ਼ ਤੌਰ ’ਤੇ ਸਰਦੀਆਂ ਜਾਂ ਚੜ੍ਹਦੀ ਬਸੰਤ ਰੁੱਤ ’ਚ। ਇਸ ਦੇ ਲੱਛਣ ਆਮ ਤੌਰ ’ਤੇ ਸਰਦੀ-ਜ਼ੁਕਾਮ ਵਰਗੇ ਹੀ ਹੁੰਦੇ ਹਨ ਪਰ ਕੁਝ ਸਮੇਂ ਬਾਅਦ ਨਿਮੋਨੀਆ ਵੀ ਹੋ ਸਕਦਾ ਹੈ। ਫੈਲਾਅ ਦੇ ਬਾਵਜੂਦ ਅਜੇ ਤੱਕ ਇਸ ਵਾਇਰਸ ਦਾ ਕੋਈ ਟੀਕਾ ਜਾਂ ਐਂਟੀਵਾਇਰਲ ਇਲਾਜ ਉਪਲਬਧ ਨਹੀਂ ਜਿਸ ਕਾਰਨ ਹੋਰ ਦੇਖਭਾਲ ਤੇ ਰੋਕਥਾਮ ਦੀ ਪ੍ਰਕਿਰਿਆ ਅਪਣਾਉਣੀ ਜ਼ਰੂਰੀ ਹੋ ਜਾਂਦੀ ਹੈ।
ਭਾਰਤ ਨੇ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਰਾਹੀਂ ਚੌਕਸੀ ਅਤੇ ਨਿਗਰਾਨੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਲੈਬਾਰਟਰੀਆਂ ਹੁਣ ਐੱਚਐੱਮਪੀਵੀ ਟੈਸਟ ਕਰਨ ਲਈ ਚੰਗੀ ਤਰ੍ਹਾਂ ਲੈਸ ਹਨ। ਜਿਵੇਂ ਕੋਵਿਡ-19 ਮਹਾਮਾਰੀ ਦੌਰਾਨ ਦੇਖਿਆ ਗਿਆ ਸੀ, ਰੁਝਾਨਾਂ ਨੂੰ ਵਾਚਣ ਤੇ ਸਮੇਂ ਸਿਰ ਕਾਰਵਾਈ ਲਈ ਇਹ ਕਦਮ ਚੁੱਕਣੇ ਮਹੱਤਵਪੂਰਨ ਹੋ ਗਏ ਸਨ ਹਾਲਾਂਕਿ ਚੁਣੌਤੀਆਂ ਬਰਕਰਾਰ ਹਨ। ਘੱਟ ਖ਼ਰਚ ਤੇ ਸੌਖੇ ਹੋ ਸਕਣ ਵਾਲੇ ਟੈਸਟ ਅਜੇ ਵੀ ਉਪਲਬਧ ਨਹੀਂ ਹਨ ਜਿਸ ਕਾਰਨ ਕਮਜ਼ੋਰ ਤਬਕਿਆਂ ’ਚ ਰੋਗ ਦੀ ਜਲਦੀ ਸ਼ਨਾਖ਼ਤ ਕਰਨ ’ਚ ਰੁਕਾਵਟ ਪੈਦਾ ਹੁੰਦੀ ਹੈ। ਮਹਾਮਾਰੀ ਨੇ ਸਾਨੂੰ ਸਬਕ ਦਿੱਤਾ ਹੈ ਕਿ ਸਰਗਰਮ ਸਿਹਤ-ਸੰਭਾਲ ਰਣਨੀਤੀਆਂ ਦਾ ਕਿੰਨਾ ਮਹੱਤਵ ਹੈ। ਮਰੀਜ਼ਾਂ ਨੂੰ ਵੱਖਰੀਆਂ ਥਾਵਾਂ ’ਤੇ ਰੱਖਣ ਦੇ ਨੇਮਾਂ ਨੂੰ ਮਜ਼ਬੂਤ ਬਣਾ ਕੇ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾ ਕੇ ਅਤੇ ਸਾਫ਼ ਸਫ਼ਾਈ ਬਾਰੇ ਜਨਤਕ ਚੇਤਨਾ ਵਧਾ ਕੇ ਇਸ ਦੇ ਪਸਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸਾਫ਼ ਸਫ਼ਾਈ ਅਤੇ ਸਾਫ ਹਵਾ ਦੀ ਸਾਹ ਦੀ ਲਾਗ ਨੂੰ ਘਟਾਉਣ ਵਿੱਚ ਬਰਾਬਰ ਦੀ ਭੂਮਿਕਾ ਹੁੰਦੀ ਹੈ।
ਭਾਰਤ ਨੇ ਐੱਚਐੱਮਪੀਵੀ ਲਾਗ ਬਾਰੇ ਸਾਵਧਾਨੀਪੂਰਬਕ ਪਹੁੰਚ ਅਪਣਾਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਸਬੰਧੀ ਬਿਨਾਂ ਕੋਈ ਸਹਿਮ ਪੈਦਾ ਕੀਤਿਆਂ ਇਸ ਦੀ ਰੋਕਥਾਮ ਕਿੰਝ ਕੀਤੀ ਜਾਵੇ। ਇਸ ਤੋਂ ਇਲਾਵਾ ਕੁਝ ਵਡੇਰੇ ਉਪਰਾਲਿਆਂ ਦੀ ਲੋੜ ਹੈ। ਇਨ੍ਹਾਂ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਰੈਪਿਡ ਡਾਇਗਨੌਸਟਿਕ ਪ੍ਰਵਾਨਗੀਆਂ ਲਈ ਰੈਗੂਲੇਟਰੀ ਚੌਖ਼ਟੇ ਦੀ ਸਥਾਪਨਾ ਜਿਹੇ ਕਾਰਜ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਸਾਫ਼ ਸਫ਼ਾਈ ਰੱਖ ਕੇ ਅਤੇ ਸਮੇਂ ਸਿਰ ਮੈਡੀਕਲ ਸਹਾਇਤਾ ਲੈ ਕੇ ਅਤੇ ਸਚੇਤ ਰਹਿ ਕੇ ਨਾਗਰਿਕ ਵੀ ਇਸ ਨੂੰ ਰੋਕਣ ਵਿੱਚ ਸਹਾਈ ਹੋ ਸਕਦੇ ਹਨ। ਐੱਚਐੱਮਪੀਵੀ ਦੇ ਇਹ ਕੇਸ ਸਾਹ ਦੀਆਂ ਬਿਮਾਰੀਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਚਿਤਾਵਨੀ ਦੇ ਕੰਮ ਦੇ ਰਹੇ ਹਨ। ਇਹ ਕੋਈ ਮਹਾਮਾਰੀ ਵਰਗੀ ਸਥਿਤੀ ਨਹੀਂ ਹੈ ਪਰ ਇਸ ਦੇ ਅਸਰ ਨੂੰ ਸੀਮਤ ਕਰਨ ਲਈ ਚੌਕਸੀ, ਤਿਆਰੀ ਅਤੇ ਜਨਤਕ ਸਹਿਯੋਗ ਬਹੁਤ ਜ਼ਰੂਰੀ ਹਨ।

Advertisement

Advertisement