ਇਆਲੀ ਦੇ ਹਲਕਾ ਦਾਖਾ ’ਚ ਸੁਖਬੀਰ ਬਾਦਲ ਵੱਲੋਂ ਸ਼ਕਤੀ ਪ੍ਰਦਰਸ਼ਨ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 28 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਦਾਖਾ ਵਿੱਚ ਤੂਫ਼ਾਨੀ ਦੌਰਾ ਤਾਂ ਕੀਤਾ ਹੀ ਨਾਲ ਹੀ ਉਨ੍ਹਾਂ ਇਕ ਤਰ੍ਹਾਂ ਨਾਲ ਇਸ ਹਲਕੇ ਵਿੱਚ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਸ ਹਲਕੇ ਤੋਂ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਨ ਜਿਹੜੇ ਹੁਣ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਹਨ। ਇਸੇ ਲੜੀ ਵਿੱਚ ਦਾਖਾ ਹਲਕੇ ਦੇ ਪਿੰਡ ਛੱਜਾਵਾਲ ਵਿੱਚ ਰੱਖੀ ਰੈਲੀ ਵਿੱਚ ਸੁਖਬੀਰ ਬਾਦਲ ਜਿੱਥੇ ਗਰਜੇ, ਉਥੇ ਹੀ ਉਨ੍ਹਾਂ ਵਿਰੋਧੀਆਂ ਨੂੰ ਰਗੜੇ ਵੀ ਲਾਏ। ਇਹ ਰੈਲੀ ਅਕਾਲੀ ਆਗੂ ਸਵਰਨ ਸਿੰਘ ਛੱਜਾਵਾਲ ਵਲੋਂ ਕਰਵਾਈ ਗਈ। ਸੁਖਬੀਰ ਬਾਦਲ ਦੇ ਹਲਕਾ ਦਾਖਾ ਦੇ ਦੌਰੇ ਮੌਕੇ ਯੂਥ ਅਕਾਲੀ ਆਗੂ ਜਸਕਰਨ ਦਿਓਲ ਵੀ ਨਵੇਂ ਰੂਪ ਵਿੱਚ ਨਜ਼ਰ ਆਏ। ਹੁਣ ਤਕ ਉਹ ਸਮਾਜਿਕ ਤੇ ਸਿਆਸੀ ਤੌਰ 'ਤੇ ਬਿਨਾਂ ਪਗੜੀ ਦੇ ਵਿੱਚਰਦੇ ਰਹੇ ਹਨ ਪਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਪਾਸਾ ਵੱਟ ਲੈਣ ਤੋਂ ਬਾਅਦ ਉਨ੍ਹਾਂ ਹੀ ਹਲਕੇ ਦੀ ਵਾਗਡੋਰ ਸੰਭਾਲੀ ਹੈ।
ਛੱਜਾਵਾਲ ਤੇ ਰਕਬਾ ਵਿਖੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਬਿਨਾਂ ਵਿਧਾਇਕ ਇਆਲੀ ਦਾ ਨਾਂ ਲਏ ਤੋਂ ਆਖਿਆ ਕਿ ਕੁਝ ਸਵਾਰਥੀ ਲੀਡਰ ਸ਼੍ਰੋਮਣੀ ਅਕਾਲੀ ਦਲ ਵਿੱਚ ਰੁਪਏ ਕਮਾਉਣ ਦੀ ਨੀਅਤ ਨਾਲ ਆਏ ਸਨ ਤੇ ਮਤਲਬ ਕੱਢ ਕੇ ਚਲੇ ਗਏ। ਹੁਣ ਆਮ ਲੋਕ ਹੀ ਅਜਿਹੇ ਆਗੂਆਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਹੋਰ ਕਿਹਾ ਕਿ ਅਜਿਹੇ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੋਂ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਜੇਕਰ ਕਿਸੇ ਨੂੰ ਨਾਮ ਦੇ ਸਕਦਾ ਹੈ ਤਾਂ ਲੋੜ ਪੈਣ 'ਤੇ ਨਾਮ ਮਿਟਾਉਣ ਵਿੱਚ ਵੀ ਵਕਤ ਨਹੀਂ ਲਾਏਗਾ। ਸੁਖਬੀਰ ਸਿੰਘ ਬਾਦਲ ਨੇ ਰੈਲੀ ਵਿੱਚ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇਕ ਸੌ ਸਾਲ ਤੋਂ ਵੀ ਵੱਧ ਪੁਰਾਣੀ ਖੇਤਰੀ ਪਾਰਟੀ ਹੈ। ਹੋਰ ਪਾਰਟੀਆਂ ਦਿੱਲੀ ਦੇ ਕੰਟਰੋਲ ਵਿੱਚ ਹਨ ਤੇ ਦਿੱਲੀਓਂ ਹੀ ਚਲਾਈਆਂ ਜਾਂਦੀਆਂ। ਅਜਿਹੀਆਂ ਪਾਰਟੀਆਂ ਪੰਜਾਬ ਤੇ ਪੰਜਾਬੀ ਦਾ ਭਲਾ ਨਹੀਂ ਕਰ ਸਕਦੀਆਂ। ਲੋਕ ਇਸ ਗੱਲ ਨੂੰ ਸਮਝਣ ਕਿਉਂਕਿ ਇਕੋ ਇਕ ਸ਼੍ਰੋਮਣੀ ਅਕਾਲੀ ਦਲ ਹੀ ਸੂਬੇ ਦੇ ਹਿੱਤਾਂ ਲਈ ਲੜ੍ਹ ਤੇ ਖੜ੍ਹ ਸਕਣ ਵਾਲੀ ਪਾਰਟੀ ਹੈ।
ਉਨ੍ਹਾਂ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਦੀ ਲੰਬੀ ਚੌੜੀ ਸੂਚੀ ਵੀ ਪੇਸ਼ ਕੀਤੀ। ਪ੍ਰਧਾਨ ਬਾਦਲ ਨੇ ਕਿਸਾਨਾਂ ਦਾ ਹਰ ਸੰਘਰਸ਼ ਵਿੱਚ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਧੱਕੇ ਨਾਲ ਜ਼ਮੀਨਾਂ ਐਕੁਆਇਰ ਨਹੀਂ ਹੋਣ ਦੇਵੇਗਾ। ਇਸ ਸਮੇਂ ਸਾਬਕਾ ਵਿਧਾਇਕ ਐਸਆਰ ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਜਸਕਰਨ ਦਿਓਲ, ਸਵਰਨ ਸਿੰਘ ਛੱਜਾਵਾਲ, ਸਰਪ੍ਰੀਤ ਸਿੰਘ ਕਾਉਂਕੇ ਤੇ ਹੋਰ ਹਾਜ਼ਰ ਸਨ।