ਆਸਮਾਨ ’ਚ ਭਾਰਤ ਦਾ ਦਬਦਬਾ
ਅਪਰੇਸ਼ਨ ਸਿੰਧੂਰ, ਜਿਸ ਨੂੰ ਸਿਰਫ਼ ਰੋਕਿਆ ਗਿਆ ਹੈ ਤੇ ਜੇਕਰ ਪਾਕਿਸਤਾਨ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਇਹ ਫਿਰ ਸ਼ੁਰੂ ਕੀਤਾ ਜਾ ਸਕਦਾ ਹੈ, ਨੇ ਭਾਰਤੀ ਹਵਾਈ ਸੈਨਾ (ਆਈਏਐੱਫ) ਦੀ ਤਾਕਤ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ ਹੈ। ਅਤਿਵਾਦੀ ਟਿਕਾਣਿਆਂ ਤੇ ਫ਼ੌਜੀ ਹਵਾਈ ਅੱਡਿਆਂ ’ਤੇ ਕੀਤੇ ਗਏ ਸਟੀਕ ਹਮਲੇ ਇਸ ਅਪਰੇਸ਼ਨ ਦੀ ਉਪਲਬਧੀ ਹਨ। ਇਸ ਦੌਰਾਨ ਭਾਰਤ ਦੀ ਬਹੁ-ਪਰਤੀ ਹਵਾਈ ਰੱਖਿਆ ਪ੍ਰਣਾਲੀ ਦੀ ਮਜ਼ਬੂਤੀ ਵੀ ਦਿਸੀ, ਜਿਸ ਨੇ ਪਾਕਿਸਤਾਨ ਦੀਆਂ ਭਾਰਤੀ ਫ਼ੌਜੀ ਟਿਕਾਣਿਆਂ ਅਤੇ ਨਾਗਰਿਕ ਖੇਤਰਾਂ ’ਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਸੋਮਵਾਰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਹਵਾਈ ਰੱਖਿਆ ਢਾਲ ਨੇ ਪਾਕਿਸਤਾਨੀ ਡਰੋਨਾਂ ਤੇ ਮਿਜ਼ਾਈਲਾਂ ਨੂੰ ਤਿਣਕਾ-ਤਿਣਕਾ ਕਰ ਦਿੱਤਾ। ਅਗਲੇ ਹੀ ਦਿਨ ਉਹ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ ਅਤੇ ਹਵਾਈ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ, ਪਿੱਠ ਥਾਪੜ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਪੂਰੀ ਤਰ੍ਹਾਂ ਦਿਲੋਂ ਨਿਕਲੇ ਇਹ ਭਾਵ ਸਾਡੀ ਹਵਾਈ ਸੈਨਾ ਦੀ ਬਹਾਦਰੀ ਅਤੇ ਬਾਕੀ ਸਾਰੇ ਹਥਿਆਰਬੰਦ ਬਲਾਂ ਨੂੰ ਸਲਾਮੀ ਦੇਣ ਵਰਗੇ ਸਨ।
ਪ੍ਰਧਾਨ ਮੰਤਰੀ ਦੇ ਦੌਰੇ ਨੇ ਪਾਕਿਸਤਾਨ ਦੀ ਝੂਠੀ ਪ੍ਰਚਾਰ ਮੁਹਿੰਮ ਨੂੰ ਵੀ ਨਕਾਰ ਦਿੱਤਾ। ਗੁਆਂਢੀ ਦੇਸ਼ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਮਿਜ਼ਾਈਲ ਨੇ ਆਦਮਪੁਰ ’ਚ ਐੱਸ-400 ਹਵਾਈ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰ ਦਿੱਤਾ ਹੈ, ਪਰ ਪ੍ਰਧਾਨ ਮੰਤਰੀ ਦੀ ਸੈਨਿਕਾਂ ਨਾਲ ਮੁਲਾਕਾਤ ਵੇਲੇ ਪਿੱਛੇ ‘ਸੁਦਰਸ਼ਨ ਚੱਕਰ’ (ਐੱਸ-400) ਬਿਲਕੁਲ ਦਰੁਸਤ ਖੜ੍ਹਾ ਨਜ਼ਰ ਆਇਆ। ਬਿਲਕੁਲ ਠੀਕ-ਠਾਕ ਚੱਲ ਰਹੇ ਫ਼ੌਜੀ ਹਵਾਈ ਅੱਡੇ ’ਤੇ ਦਿਸੇ ਉਤਸ਼ਾਹ ਨੇ ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਅਸਲ ’ਚ ਜਸ਼ਨ ਮਨਾਉਣ ਦਾ ਹੱਕ ਕਿਹੜੀ ਹਵਾਈ ਸੈਨਾ ਨੂੰ ਹੈ ਤੇ ਉਹ ਮਨਾ ਵੀ ਰਹੀ ਹੈ। ਭਾਰਤੀ ਹਵਾਈ ਸੈਨਾ ਨੇ ਇਸ ਅਪਰੇਸ਼ਨ ’ਚ ਥਲ ਤੇ ਜਲ ਸੈਨਾ ਨਾਲ ਮਿਲ ਕੇ ਆਪਣੇ ਨਿਸ਼ਾਨੇ ਪੂਰੇ ਕੀਤੇ ਹਨ ਤੇ ਚੁਣੌਤੀਪੂਰਨ ਕਾਰਜਾਂ ਨੂੰ ਅੰਜਾਮ ਦਿੱਤਾ ਹੈ। ਇਹੀ ਕਾਰਨ ਹੈ ਕਿ ਉਸ ਕੋਲ ਖ਼ੁਸ਼ੀ ਮਨਾਉਣ ਦਾ ਹਰ ਕਾਰਨ ਹੈ।
ਭਾਰਤ ਦੀ ਹਵਾਈ ਤਾਕਤ ਬੇਸ਼ੱਕ ਪਾਕਿਸਤਾਨ ਦੀ ਤੁਲਨਾ ’ਚ ਹਮੇਸ਼ਾ ਸਿਖ਼ਰ ’ਤੇ ਰਹੀ ਹੈ ਪਰ ਇਹ ਅਪਰੇਸ਼ਨ ਸਿੰਧੂਰ ਹੀ ਹੈ ਜਿਸ ਨੇ ਨਵੀਂ ਤਕਨੀਕ ਵਾਲੀ ਜੰਗ ਵਿੱਚ ਇੰਡੀਅਨ ਏਅਰ ਫੋਰਸ ਦੀ ਮੁਹਾਰਤ ਸਾਬਿਤ ਕੀਤੀ। ਭਾਰਤੀ ਹਵਾਈ ਸੈਨਾ ਲੜਾਕੂ ਤਾਕਤ, ਹਮਲਾ ਤੇ ਰੱਖਿਆ ਯੋਗਤਾ, ਆਧੁਨਿਕੀਕਰਨ ਤੇ ਸਾਜ਼ੋ-ਸਾਮਾਨ ਦੀ ਸਹਾਇਤਾ ਦੇ ਮਾਮਲੇ ’ਚ ਦੁਨੀਆ ਦੀਆਂ ਸਭ ਤੋਂ ਵਧੀਆ ਸੈਨਾਵਾਂ ਵਿੱਚੋਂ ਇੱਕ ਹੈ। ਇਹ ਚੀਨ, ਇਜ਼ਰਾਈਲ ਤੇ ਫਰਾਂਸ ਵਰਗੀਆਂ ਹਵਾਈ ਸੈਨਾਵਾਂ ਤੋਂ ਵੀ ਉੱਚਾ ਦਰਜਾ ਰੱਖਦੀ ਹੈ। ਉਪ-ਮਹਾਦੀਪ ਵਿੱਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਪੂਰੀ ਤਰ੍ਹਾਂ ਫ਼ੈਸਲਾਕੁਨ ਸਾਬਿਤ ਹੁੰਦੀ ਹੈ, ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਕਿਸੇ ਬਿਪਤਾ ਨੂੰ ਸੱਦਾ ਦੇਣ ਤੋਂ ਪਹਿਲਾਂ ਪਾਕਿਸਤਾਨ ਬਸ ਇਸੇ ਤੱਥ ਦਾ ਖ਼ਿਆਲ ਰੱਖੇ ਤਾਂ ਕਾਫ਼ੀ ਹੋਵੇਗਾ।