ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਅਨ ਸਿੱਖ ਖੇਡ ਮੇਲੇ ਦੇ ਅਨੋਖੇ ਅਨੁਭਵ ਮਾਣਦਿਆਂ

04:25 AM May 07, 2025 IST
featuredImage featuredImage

Advertisement

ਲਖਵਿੰਦਰ ਸਿੰਘ ਰਈਆ

ਪੰਜਾਬੀ ਜਿੱਥੇ ਕਿਤੇ ਵੀ ਪਰਵਾਸ ਕਰਕੇ ਜਾਣ, ਉੱਥੇ ਹੀ ਉੱਦਮ, ਮਿਹਨਤ ਨਾਲ ਜੰਗਲ ਵਿੱਚ ਮੰਗਲ ਕਰ ਦਿੰਦੇ ਹਨ। ਕਿਰਤੀਆਂ ਦੇ ਰੂਪ ਵਿੱਚ ਜਦੋਂ (19ਵੀਂ ਸਦੀ ਦੇ ਅੱਧ ਵਿੱਚ) ਪੰਜਾਬੀਆਂ ਨੇ ਆਸਟਰੇਲੀਆ ਦੀ ਧਰਤੀ ’ਤੇ ਪੈਰ ਧਰਿਆ ਉਦੋਂ ਤੋਂ ਹੀ ਉਨ੍ਹਾਂ ਨੇ ਆਪਣੀ ਲਗਨ ਤੇ ਸਖ਼ਤ ਘਾਲਣਾ ਦੇ ਬਲਬੂਤੇ ਕਰੀਬ ਹਰ ਖੇਤਰ ਵਿੱਚ ਆਪਣੇ ਸਮਾਜ ਤੇ ਸੱਭਿਆਚਾਰ ਦੀ ਪੂਰੀ ਧਾਂਕ ਜਮਾਈ ਹੋਈ ਹੈ। ਵੈਸੇ ਹੱਸਣਾ ਖੇਡਣਾ ਮਨ ਦਾ ਚਾਓ ਹੁੰਦਾ ਹੈ, ਪਰ ਇਹ ਸ਼ੌਕ ਸਰੀਰਕ ਤੇ ਮਾਨਸਿਕ ਕਸਰਤ ਵੀ ਹੈ ਅਤੇ ਨਾਮਣੇ ਖੱਟਣ ਦਾ ਇੱਕ ਵਧੀਆ ਜ਼ਰੀਆ ਵੀ। ਇੱਥੇ ਵੱਸਦੇ ਪੰਜਾਬੀ ਭਾਈਚਾਰੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੇ ਵੀ ਆਪਣੇ ਆਪ ਨੂੰ ਖੇਡਾਂ ਵਿੱਚ ਪ੍ਰਫੁੱਲਿਤ ਕਰਨ ਦਾ ਬੀੜਾ ਉਠਾਇਆ ਹੋਇਆ ਹੈ। ਇਸੇ ਹੀ ਸੰਦਰਭ ਵਿੱਚ ਕਰੀਬ ਸਾਢੇ ਤਿੰਨ ਦਹਾਕਿਆਂ ਦੇ ਵਧੇਰੇ ਸਮੇਂ ਤੋਂ ਲਗਾਤਾਰ ਆਸਟਰੇਲੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਆਸਟਰੇਲੀਅਨ ਸਿੱਖ ਖੇਡਾਂ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਂਦਾ ਰਿਹਾ ਹੈ।
ਇਨ੍ਹਾਂ ਸਿੱਖ ਖੇਡਾਂ ਦੇ ਇਤਿਹਾਸਕ ਪਿਛੋਕੜ ’ਤੇ ਪੰਛੀ ਝਾਤ ਮਾਰੀਏ ਤਾਂ ਇਨ੍ਹਾਂ ਦਾ ਮੁੱਢ 1987 ਵਿੱਚ ਸਾਊਥ ਆਸਟਰੇਲੀਆ ਤੇ ਵਿਕਟੋਰੀਆ ਦੇ ਵਿਚਕਾਰ ਐਡੀਲੇਡ ਸ਼ਹਿਰ ਵਿੱਚ ਹੋਏ ਸਿਰਫ਼ ਹਾਕੀ ਦੇ ਇੱਕ ਦੋਸਤਾਨਾ ਟੂਰਨਾਮੈਂਟ ਤੋਂ ਬੱਝਾ। ਫਿਰ ਸਹਿਜੇ ਸਹਿਜੇ ਅਗਲੇਰੇ ਸਾਲਾਂ ਵਿੱਚ ਇਸ ਮੁੱਢ ਦੀਆਂ ਖੇਡਾਂ ਰੂਪੀ ਹੋਰ ਹੋਰ ਕਰੂੰਬਲਾਂ ਫੁੱਟਦੀਆਂ। ਇਹ ਖੇਡ ਫੁਟਾਰਾ ਹੁਣ ਤੱਕ 20 ਤੋਂ ਵੱਧ ਖੇਡ ਗਤੀਵਿਧੀਆਂ ਅਤੇ ਕੁੱਝ ਸੱਭਿਆਚਾਰਕ ਗਤੀਵਿਧੀਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ ਇੱਕ ਵਿਸ਼ਾਲ ਖੇਡ ਮੇਲੇ ਦੇ ਬਾਗ਼ ਦਾ ਰੂਪ ਧਾਰਨ ਕਰ ਚੁੱਕਾ ਹੈ।
ਐਤਕੀਂ ਆਸਟਰੇਲੀਆ ਦੇ ਮੁੱਖ ਸ਼ਹਿਰ ਸਿਡਨੀ ਦੇ ਕੈਂਟਰਬਰੀ ਬੈਂਕਸਟਾਊਨ ਇਲਾਕੇ ਦੇ ਖੇਡ ਮੈਦਾਨਾਂ ਵਿੱਚ ਵਿੱਚ ਹੋਈਆਂ 37ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਨੂੰ ਮਾਣਨ ਅਤੇ ਹੱਡੀਂ ਹੰਢਾਉਣ ਦਾ ਅਨੋਖਾ ਅਨੁਭਵ ਪ੍ਰਾਪਤ ਹੋਇਆ। ‘ਸਿੱਖਾਂ ਦੀ ਮਿੰਨੀ ਓਲਿੰਪਕ’ ਵਜੋਂ ਜਾਣੇ ਜਾਂਦੇ ਇਸ ਖੇਡ ਮੇਲੇ ਵਿੱਚ ਹਾਕੀ ਤੋਂ ਇਲਾਵਾ ਪੰਜਾਬੀਆਂ ਦੀ ਮਾਂ ਖੇਡ ਕਬੱਡੀ, ਅਥਲੈਟਿਕਸ, ਰੱਸਾਕਸ਼ੀ, ਕੁਰਸੀ ਦੌੜ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਫੁੱਟਬਾਲ, ਵਾਲੀਬਾਲ, ਨੈੱਟਬਾਲ, ਟੱਚ-ਬਾਲ, ਟੈਨਿਸ, ਕ੍ਰਿਕਟ, ਗੋਲਫ, ਜੈਵਲਿਨ ਥਰੋ (ਨੇਜ਼ਾ ਬਾਜ਼ੀ), ਡਿਸਕ ਥਰੋ, ਸ਼ਾਟ ਪੁੱਟ ਤੇ ਭਾਰ ਤੋਲਕ ਆਦਿ ਖੇਡ ਮੁਕਾਬਲੇ ਕਰਵਾਉਣ ਲਈ ਆਧੁਨਿਕ ਖੇਡ ਮੈਦਾਨ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਇਨ੍ਹਾਂ ਵੱਖ ਵੱਖ ਖੇਡ ਮੁਕਾਬਲਿਆਂ ਦੀਆਂ ਪੌਣੇ ਚਾਰ ਸੌ ਤੋਂ ਉੱਪਰ ਟੀਮਾਂ ਸਮੇਤ ਸੱਤ ਹਜ਼ਾਰ ਤੋਂ ਵੱਧ ਆਸਟਰੇਲੀਅਨ ਤੇ ਵਿਦੇਸ਼ੀ ਸਿੱਖ ਖਿਡਾਰੀਆਂ ਵੱਲੋਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

Advertisement


ਕਰੀਬ ਹਰ ਖੇਡ ਵਿੱਚ ਉਮਰ ਵਰਗ ਅਨੁਸਾਰ ਮੁਕਾਬਲੇ ਕਰਵਾਉਣ ਦੇ ਸੁਚੱਜੇ ਪ੍ਰਬੰਧ ਵੇਖਣ ਨੂੰ ਮਿਲੇ। ਪੰਜ ਸਾਲ ਦੀ ਉਮਰ ਤੋਂ ਲੈ ਕੇ 80 ਸਾਲ ਤੋਂ ਵੀ ਵਧੇਰੀ ਉਮਰ ਦੇ ਖਿਡਾਰੀਆਂ ਵੱਲੋਂ ਆਪਣੇ ਖੇਡ ਹੁਨਰ ਦੀ ਝਲਕ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਦੌੜ ਮੁਕਾਬਲਿਆਂ ਵਿੱਚ ਨਿੱਕੇ ਨਿੱਕੇ ਮਲੂਕ ਕਦਮਾਂ ਦੀ ਆਹਟ, ਜਵਾਨ ਕਦਮਾਂ ਦਾ ਜੋਸ਼ ਅਤੇ ਬਜ਼ੁਰਗਾਂ ਦੇ ਹੰਢੇ ਹੰਢਾਏ ਕਦਮਾਂ ਦੀਆਂ ਪੈੜਾਂ ਦਾ ਸੁਮੇਲ ਆਪਣੀ ਵਿਸ਼ੇਸ਼ ਪਹਿਚਾਣ ਕਰਵਾ ਰਿਹਾ ਸੀ। ਇਹ ਸਿੱਖ ਖੇਡ ਮੇਲਾ ਬਾਲ ਮਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਦੇ ਬੀਜ, ਬੀਜ ਕੇ ਖੇਡਾਂ ਦੇ ਸੁਨਹਿਰੀ ਭਵਿੱਖ ਦਾ ਮੁੱਢ ਬੰਨ੍ਹਣ, ਜਵਾਨੀ ਵਿੱਚ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਨਾਮਣੇ ਖੱਟਣ ਦਾ ਜਜ਼ਬਾ ਭਰਨ ਅਤੇ ਬਜ਼ੁਰਗਾਂ ਨੂੰ ਬੁਢਾਪੇ ਦੀ ਸ਼ਾਮ ਦੇ ਉਦਾਸੀ ਭਰੇ ਘੁਸਮੁਸੇ ਦੇ ਪਲਾਂ ਤੇ ਰੋਗਾਂ ਤੋਂ ਮੁਕਤ ਰੱਖਣ ਲਈ ਇੱਕ ਵੱਡਾ ਸਬੱਬ ਬਣਿਆ ਹੋਇਆ ਜਾਪ ਰਿਹਾ ਸੀ। ਇੱਥੋਂ ਤੀਕ ਕੈਂਸਰ ਵਰਗੇ ਜਾਂ ਹੋਰ ਭਿਆਨਕ ਰੋਗਾਂ ਤੋਂ ਪੀੜਤ ਖਿਡਾਰੀ/ਖਿਡਾਰਨਾਂ ਵੀ ਭਾਗ ਲੈ ਕੇ ਨਾਮਣੇ ਖੱਟ ਰਹੇ ਸਨ। ਜਦ ਇਨ੍ਹਾਂ ਮਾਣਮੱਤੇ ਖਿਡਾਰੀਆਂ ਦੇ ਰੋਗ ਪੀੜਤ ਹੋਣ ਦੀ ਅਨਾਊਂਸਮੈਂਟ ਹੁੰਦੀ ਤਾਂ ਦਰਸ਼ਕਾਂ ਦੀਆਂ ਤਾੜੀਆਂ ਦੀ ਭਾਰੀ ਗੜਗੜਾਹਟ ਉਨ੍ਹਾਂ ਦੇ ਖੇਡ ਜਜ਼ਬੇ ਨੂੰ ਸਲਾਮਾਂ ਕਰਨ ਲੱਗ ਜਾਂਦੀ।
ਇਸ ਤੋਂ ਇਲਾਵਾ ਇਸ ਸਿੱਖ ਖੇਡ ਮੇਲੇ ਦਾ ਮੁੱਖ ਉਦੇਸ਼ ਇਹ ਵੀ ਰਿਹਾ ਕਿ ਸਿੱਖ ਭਾਈਚਾਰੇ ਦੇ ਤਨ ਮਨ ਦੀ ਤੰਦਰੁਸਤੀ/ਚੜ੍ਹਦੀਕਲਾ ਅਵਸਥਾ ਨੂੰ ਬਰਕਰਾਰ ਰੱਖਣਾ, ਆਪਸੀ ਸਾਂਝ, ਏਕਤਾ ਕਾਇਮ ਰੱਖਣਾ ਅਤੇ ਆਉਣ ਵਾਲੇ ਭਵਿੱਖ ਨੂੰ ਹੋਰ ਭੈੜੀਆਂ ਅਲਾਮਤਾਂ ਤੋਂ ਬਚਾ ਕੇ ਖੇਡਾਂ ਦੇ ਰਾਹੇ ਪਾਉਣਾ ਸੀ ਤਾਂ ਕਿ ਸਿੱਖ ਕੌਮ ਸਰੀਰਕ ਅਤੇ ਬੌਧਿਕ ਤੌਰ ’ਤੇ ਰਿਸ਼ਟ ਪੁਸ਼ਟ ਜੀਵਨ ਹੰਢਾਉਂਦਿਆਂ ਆਪਣੀ ਜਨਮ ਭੂਮੀ, ਕੌਮ, ਮੁਲਕ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਪਾ ਸਕੇ। ਇਸ ਦੇ ਨਾਲ ਹੀ ‘ਜਿਸ ਧਰਤੀ ਦਾ ਖਾਈਏ, ਉਸ ਦਾ ਭਲਾ ਮਨਾਈਦਾ’ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਇੱਕ ਚੰਗਾ ਤੇ ਨਰੋਆ ਵਸੇਬਾ ਦੇਣ ਵਾਲੇ ਪਰਵਾਸੀ ਵਤਨ (ਆਸਟਰੇਲੀਆ) ਨਾਲ ਵਫ਼ਾਦਾਰੀ ਕਮਾਉਂਦਿਆਂ ਇਸ ਦੇਸ਼ ਦੇ ਵਿਕਾਸ ਵਿੱਚ ਵਿਲੱਖਣ ਯੋਗਦਾਨ ਪਾ ਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉੱਚਾ ਕੀਤਾ ਜਾ ਸਕੇ।
ਤਿੰਨ ਦਿਨ ਚੱਲੇ ਇਸ ਸਿੱਖ ਖੇਡ ਮੇਲੇ ਵਿੱਚ ਗੁਰੂ ਦੀ ਲਾਡਲੀ ਫੌਜ (ਨਿਹੰਗ ਸਿੰਘਾਂ) ਦੀ ਵਿਸ਼ੇਸ਼ ਤੇ ਹਰਮਨ ਪਿਆਰੀ ਖੇਡ ‘ਗੱਤਕਾ’ ਦੇ ਜੰਗਜੂ ਜੌਹਰਾਂ ਨੇ ਦਰਸ਼ਕਾਂ ਦੇ ਮਨਾਂ ਨੂੰ ਖੂਬ ਟੂੰਬਿਆ। ਇਸ ਤੋਂ ਇਲਾਵਾ ਵੱਖ ਵੱਖ ਕਲਾ ਪ੍ਰਦਰਸ਼ਨੀਆਂ, ਦਸਤਾਰ-ਦੁਮਾਲਾ ਸਿਖਲਾਈ ਕੈਂਪ ਅਤੇ ਦਸਤਾਰ ਸਜਾਉਣ (ਪੱਗ ਬੰਨ੍ਹਣ) ਦੀ ਮਹਾਨਤਾ ਦਰਸਾਉਂਦੇ ਵਿਸ਼ੇਸ਼ ਮੁਕਾਬਲੇ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸੈਂਕੜੇ ਲੋਕ ਚਾਈਂ ਚਾਈਂ ਦਸਤਾਰਾਂ ਸਜਾਉਣ ਦੀ ਸਿਖਲਾਈ ਲੈ ਕੇ ‘ਦਸਤਾਰ ਵਾਲੇ ਸਰਦਾਰਾਂ ਦੀ ਸ਼ਾਨ ਵੱਖਰੀ’ ਟੂਕ ਦੀ ਪੁਰਜ਼ੋਰ ਹਾਮੀ ਭਰ ਰਹੇ ਸਨ ਕਿ ਪੱਗ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ।
ਸਿੱਖ ਫੋਰਮ ਵੱਲੋਂ ਸਿੱਖਾਂ ਦੇ ਦਰਪੇਸ਼ ਵਿਸ਼ਵ ਪੱਧਰੀ ਮਸਲਿਆਂ ਦਾ ਮੰਥਨ ਕਰਨ ਤੇ ਹੱਲ ਕੱਢਣ ਲਈ ਵਿਦਵਾਨਾਂ ਦੀ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਵਿੱਚ ‘ਪੱਛਮੀ ਸਮਾਜ ਵਿੱਚ ਸਿੱਖ ਨੌਜਵਾਨਾਂ ਸਾਹਮਣੇ ਚੁਣੌਤੀਆਂ, ਵਿਲੱਖਣ ਸਰੂਪ ਅਤੇ ਸਿੱਖੀ ਨਾਲ ਸਾਂਝ’, ਗੁਰਦੁਆਰੇ- ਸਿੱਖੀ ਦਾ ਕੇਂਦਰ, ਭਾਈਚਾਰੇ ਵਿੱਚ ਸ਼ਾਂਤੀ ਤੇ ਸਦਭਾਵਨਾ ਬਹਾਲ ਕਰਨ ਲਈ ਰਣਨੀਤੀਆਂ ਅਤੇ ਹੋਰ ਭਾਈਚਾਰਿਆਂ ਨਾਲ ਸਬੰਧ ਵਧਾਉਣ ਲਈ ਪਹੁੰਚ ਆਦਿ ਸਾਰਥਿਕ ਏਜੰਡਿਆਂ ਨੂੰ ਬੜੀ ਸ਼ਿੱਦਤ ਨਾਲ ਵਿਚਾਰਿਆ ਗਿਆ।


‘ਪੰਜਾਬੀ ਸੱਥ’ ਤੇ ‘ਰੰਗਲਾ ਪੰਜਾਬ’ ਸੰਸਥਾਵਾਂ ਦੇ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਝਲਕੀਆਂ ਦੇ ਮਨੋਰੰਜਨ ਭਰਪੂਰ ਦ੍ਰਿਸ਼ ਵੀ ਮਾਣਨ ਨੂੰ ਮਿਲੇ। ਜੋੜ ਕੇ ਖੜ੍ਹੇ ਕੀਤੇ ਗਏ ਮੰਜਿਆਂ ’ਤੇ ਟੰਗੇ ਸਪੀਕਰਾਂ ਦੇ ਵੱਜਦੇ ਪੰਜਾਬੀ ਤਵਿਆਂ/ਰਿਕਾਰਡਾਂ ਦੀ ਆਵਾਜ਼ ’ਤੇ ਕਈ ਮੇਲੀ ਵੀ ਠੁਮਕੇ ਲਾ ਜਾਂਦੇ ਜਾਂ ਫਿਰ ਆਪ ਮੁਹਾਰੇ ਬੋਲੀਆਂ ਪਾ ਪਾ ਕੇ ਗਿੱਧੇ ਭੰਗੜੇ ਪਾਉਣ ਦੇ ਆਪਣੇ ਅੰਦਰੂਨੀ ਚਾਅ ਮਲਾਰਾਂ ਦਾ ਇਜ਼ਹਾਰ ਕਰ ਦਿੰਦੇ। ਇਸ ਤੋਂ ਇਲਾਵਾ ਇੱਥੋਂ ਦੇ ਮੁੱਖ ਹਾਲ ਵਿੱਚ ਇਸ ਖੇਡ ਮੇਲੇ ਦੇ ਸ਼ੁਰੂਆਤੀ ਉਦਘਾਟਨੀ ਸਮਾਰੋਹ ਲਈ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਆਸਟਰੇਲੀਅਨ ਝੰਡੇ ਸਮੇਤ ਸਿੱਖ ਪੰਥ ਦੇ ਕੇਸਰੀ ਝੰਡੇ ਦੀ ਅਗਵਾਈ ਸਮੇਤ ਵਿੱਚ ਵੱਖ ਵੱਖ ਥਾਵਾਂ ਤੋਂ ਪੁੱਜੇ ਖਿਡਾਰੀਆਂ ਦੀ ਨੁਮਾਇੰਦਗੀ ਕਰਦੇ ਮਾਟੋਆਂ ਨਾਲ ਮਾਰਚ ਪਾਸਟ ਕਰਨ ਉਪਰੰਤ ਪੰਜਾਬੀ ਸੱਭਿਆਚਾਰ ਤੇ ਗੀਤ ਸੰਗੀਤ ਦੀਆਂ ਵੱਖ ਵੱਖ ਵੰਨਗੀਆਂ ਤੇ ਵੱਖ ਵੱਖ ਪੌਸ਼ਾਕਾਂ ਨਾਲ ਸਜਿਆ ਸੱਭਿਆਚਾਰਕ ਗੁਲਦਸਤਾ ਪੇਸ਼ ਕੀਤਾ ਗਿਆ। ਜਿਸ ਦੀਆਂ ਮਨਮੋਹਕ ਪੇਸ਼ਕਾਰੀਆਂ ਦੇ ਰੰਗਾਰੰਗ ਪ੍ਰੋਗਰਾਮਾਂ ਨੇ ਜਿੱਥੇ ਪੰਜਾਬੀ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ, ਉੱਥੇ ਗੈਰ ਪੰਜਾਬੀਆਂ ਨੂੰ ਵੀ ਲੱਕ ਮਟਕਾਉਣ ਲਈ ਮਜਬੂਰ ਕਰ ਦਿੱਤਾ।
ਮਾਟੋਆਂ, ਫੱਟੀਆਂ ਤੇ ਪੌਸ਼ਾਕਾਂ ਉੱਪਰ ਗੁਰਮੁਖੀ ਲਿਪੀ ਵਿੱਚ ਲਿਖੀਆਂ ਵੱਖ ਵੱਖ ਸਾਰਥਿਕ ਪੰਜਾਬੀ ਇਬਾਰਤਾਂ ਇੱਥੋਂ ਦੇ ਬੱਚਿਆਂ ਵਿੱਚ ਪੰਜਾਬੀ ਨਾਲ ਜੁੜਨ ਦੀ ਚੇਤਨਾ ਨੂੰ ਹਲੂਣਾ ਦੇ ਰਹੀਆਂ ਸਨ। ਪੰਜਾਬੀ ਸੱਭਿਆਚਾਰ ਵਿੱਚੋਂ ਲੁਪਤ ਹੋ ਰਹੀਆਂ ਵਿਰਾਸਤੀ ਵਸਤਾਂ ਚਰਖੇ, ਮੋਹਲੇ-ਉਖਲੀਆਂ, ਚਾਟੀਆਂ ਮਧਾਣੀਆਂ, ਫੁਲਕਾਰੀਆਂ, ਬਾਪੂਆਂ ਦੇ ਖੂੰਡੇ ਦੀ ਟੌਹਰ ਦੀਆਂ ਪ੍ਰਦਰਸ਼ਨੀਆਂ ਪੰਜਾਬੀ ਵਿਰਸੇ ਦੀ ਸਾਦਗੀ ਭਰੀ ਅਮੀਰੀ ਨੂੰ ਰੂਪਮਾਨ ਕਰ ਰਹੀਆਂ‌ ਸਨ।
ਸਿੱਖ ਰਵਾਇਤ ਅਨੁਸਾਰ ਇਸ ਖੇਡ ਮੇਲੇ ਵਿੱਚ ਭਾਂਤ ਭਾਂਤ ਦੇ ਪਦਾਰਥਾਂ ਦੇ ਅਟੁੱਟ ਲੰਗਰਾਂ ਦਾ ਪ੍ਰਬੰਧ ਵੀ ਸੀ। ਤਿੰਨ ਦਿਨਾਂ ਚੱਲਣ ਵਾਲੇ ਇਸ ਖੇਡ ਮੇਲੇ ਵਿੱਚ ਹਰ ਦਿਨ ਹਜ਼ਾਰਾਂ ਪੰਜਾਬੀਆਂ ਦੀ ਸ਼ਿਰਕਤ ਤੋਂ ਇੰਜ ਲੱਗਾ ਰਿਹਾ ਸੀ ਜਿਵੇਂ ਸਾਰਾ ਪੰਜਾਬ ਇਸ ਖੇਡ ਮੇਲੇ ਨੂੰ ਮਾਣਨ ਲਈ ਉਮੜ ਆਇਆ ਹੋਵੇ। ਪੰਜਾਬੀ ਪਹਿਰਾਵੇ ਦੀ ਸੱਜ-ਧੱਜ ਤਾਂ ਪੰਜਾਬੀ ਸੱਭਿਆਚਾਰ ਦੀ ਸ਼ਾਹੀ ਠਾਠ ਨੂੰ ਜੱਗ ਜ਼ਾਹਿਰ ਕਰ ਰਹੀ ਸੀ। ਪੰਜਾਬੀ ਵਸਤਾਂ ਦੀਆਂ ਵੱਖ ਵੱਖ ਦੁਕਾਨਾਂ ਦੇ ਲੱਗੇ ਬਾਜ਼ਾਰ ਵਿੱਚ ਹੁੰਦੀ ਖ਼ਰੀਦੋ ਫਰੋਖ਼ਤ ਪੰਜਾਬ ਦੇ ਕਿਸੇ ਵੱਡੇ ਮੇਲੇ ਦੇ ਬਾਜ਼ਾਰਾਂ ਦੀ ਰੌਣਕ ਦੀ ਝਲਕ ਨੂੰ ਰੂਪਮਾਨ ਕਰ ਰਹੀ ਸੀ।
ਦੂਰ ਦੁਰਾਡੇ ਤੋਂ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਅਤੇ ਖੇਡ ਪ੍ਰੇਮੀ ਦਰਸ਼ਕਾਂ ਦੀ ਸਹੂਲਤਾਂ ਲਈ ਮੁਫ਼ਤ ਬੱਸ ਸੇਵਾ ਦੇ ਪੁਖ਼ਤਾ ਪ੍ਰਬੰਧ ਹੋਣ ਕਰਕੇ ਨਿੱਜੀ ਕਾਰਾਂ ਦਾ ਜਮਾਵੜਾ ਵੀ ਕੁੱਝ ਘੱਟ ਹੀ ਰਿਹਾ ਜਿਸ ਕਰਕੇ ਟ੍ਰੈਫਿਕ ਜਾਮ ਤੇ ਕਾਰ ਪਾਰਕਿੰਗ ਦੀਆਂ ਸਮੱਸਿਆਵਾਂ ਤੋਂ ਕਾਫ਼ੀ ਹੱਦ ਤੱਕ ਰਾਹਤ ਰਹੀ। ਖੇਡ ਗਤੀਵਿਧੀਆਂ ਲਈ ਬਹੁਤੇ ਖੇਡ ਮੈਦਾਨ ਇਸ ਖੇਡ ਮੇਲੇ ਦੇ ਮੁੱਖ ਕੇਂਦਰ ਵਿੱਚ ਹੋਣ ਕਰਕੇ ਹੋ ਰਹੀਆਂ ਬਹੁਤੀਆਂ ਖੇਡ ਗਤੀਵਿਧੀਆਂ ਇਸ ਕੰਪਲੈਕਸ ਦੇ ਆਸ ਪਾਸ ਹੀ ਸਨ। ਜਿਨ੍ਹਾਂ ਨੂੰ ਖੇਡ ਪ੍ਰੇਮੀਆਂ ਨੇ ਖੂਬ ਮਾਣਿਆ, ਪਰ ਜੋ ਖੇਡ ਮੈਦਾਨ ਕੇਂਦਰੀ ਖੇਡ ਮੈਦਾਨ ਤੋਂ ਕੁਝ ਹਟਵੇਂ ਵੀ ਸਨ, ਉੱਥੇ ਪਹੁੰਚਣ ਲਈ ਬਸ ਸਰਵਿਸ ਵੀ ਸੀ ਤੇ ਲੰਗਰ ਵਿਵਸਥਾ ਵੀ ਉੱਥੇ ਹੀ ਉਪਲੱਬਧ ਕਰਵਾਈ ਗਈ ਸੀ।
ਇਨ੍ਹਾਂ ਸਿੱਖ ਖੇਡਾਂ ਵਿੱਚ ਜਿੱਥੇ ਆਸਟਰੇਲੀਅਨ ਕੈਪੀਟਲ ਟੈਰੀਟਰੀ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਸਾਊਥ ਆਸਟਰੇਲੀਆ, ਵਿਕਟੋਰੀਆ, ਵੈਸਟਰਨ ਆਸਟਰੇਲੀਆ, ਨਿਊਜ਼ੀਲੈਂਡ ਪੰਜਾਬੀ, ਨਿਊਜ਼ੀਲੈਂਡ ਸਿੱਖ ਬਾਸਕਟਬਾਲ, ਸ਼ੇਰੇ ਪੰਜਾਬ ਫੁਟਬਾਲ ਕਲੱਬ ਨਿਊਜ਼ੀਲੈਂਡ ਅਤੇ ਹਿੱਪ ਹਿੱਪ ਹੂਰੇ ਹਾਕੀ ਕਲੱਬ ਸਿੰਗਾਪੁਰ ਦੇ ਵੱਖ ਖੇਡ ਸੰਗਠਨਾਂ, ਕਲੱਬਾਂ ਨਾਲ ਜੁੜੀਆਂ ਵੱਖ ਵੱਖ 383 ਦੇ ਕਰੀਬ ਖੇਡ ਟੀਮਾਂ ਜਾਂ ਵਿਅਕਤੀਗਤ ਤੌਰ ’ਤੇ ਭਾਗ ਗਿਆ, ਉੱਥੇ ਮਲੇਸ਼ੀਆ, ਭਾਰਤ ਤੇ ਨੇਪਾਲ ਆਦਿ ਤੇ ਹੋਰ ਖਿੱਤਿਆਂ ਦੇ ਸਿੱਖ ਵਾਸੀਆਂ ਨੇ ਵਿਅਕਤੀਗਤ ਖੇਡਾਂ ਖਾਸ ਕਰਕੇ ਦੌੜ ਮੁਕਾਬਲਿਆਂ ਵਿੱਚ ਭਾਗ ਲਿਆ। ਪੱਕੇ ਅਤੇ ਉਤਰਾਈ ਚੜ੍ਹਾਈ ਵਾਲੇ ਕੱਚੇ ਉੱਭੜ ਖਾਬੜ ਲੰਮੇਰੇ, ਪਰ ਸਾਫ਼ ਸੁਥਰੇ ਜੰਗਲੀ ਪੈਂਡੇ ਦੀ 5000 ਮੀਟਰ (ਪੰਜ ਕਿਲੋਮੀਟਰ) ਦੌੜ ਵਿੱਚ ਬੱਚਿਆਂ, ਜਵਾਨਾਂ ਤੇ ਬੁੱਢੇ ਦੌੜਾਕਾਂ ਦੀ ਸ਼ਮੂਲੀਅਤ ਯਾਨੀ ਸਭ ਉਮਰ ਵਰਗਾਂ ਦੀ ਇਕੱਠੀ ਭਾਗੀਦਾਰੀ ਦਾ ਆਪਣਾ ਵੱਖਰਾ ਹੀ ਨਜ਼ਾਰਾ ਸੀ। ਇਸ ਦੌੜ ਵਿੱਚ ਸ਼ਾਮਲ ਸਭ ਦੌੜਾਕਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਆਸਟਰੇਲੀਅਨ ਸਿੱਖ ਖੇਡਾਂ ਦੀ ਇੱਕ ਖ਼ਾਸੀਅਤ ਇਹ ਵੀ ਸੀ ਭਾਵੇਂ ਇਨ੍ਹਾਂ ਸਭ ਖੇਡਾਂ ਮੁਕਾਬਲਿਆਂ ਦੇ ਜੇਤੂਆਂ ਲਈ ਵੱਡੇ ਵੱਡੇ ਨਕਦ ਇਨਾਮ ਨਹੀਂ ਰੱਖੇ ਗਏ ਸਨ, ਪਰ ਫਿਰ ਵੀ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਜੀਅ ਜਾਨ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਖੇਡ ਪ੍ਰਤੀ ਆਪਣੀ ਰੁਚੀ ਨੂੰ ਬਾਖ਼ੂਬੀ ਨਾਲ ਪ੍ਰਦਰਸ਼ਿਤ ਕੀਤਾ। ਖੇਡਾਂ ਵਿਚ ਬਰਾਬਰ ਦਾ ਦਮਖਮ ਰੱਖਣ ਵਾਲੀਆਂ ਟੀਮਾਂ/ ਖਿਡਾਰੀਆਂ ਵਿਚਕਾਰ ਹੁੰਦੇ ਕੁੰਡੀਆਂ ਦੇ ਸਿੰਙ ਫਸਣ ਵਾਲੇ ਭੇੜ ਵਿੱਚ ‘ਕਰੋ ਜਾਂ ਮਰੋ’ ਦੀ ਨੀਤੀ ਵਾਲੇ ਜ਼ੋਰ ਅਜ਼ਮਾਈ ਦੇ ਸਖ਼ਤ ਮੁਕਾਬਲੇ ਕਾਫ਼ੀ ਦਿਲਚਸਪ ਰਹੇ। ਦਰਸ਼ਕਾਂ ਵੱਲੋਂ ਹੱਲਾਸ਼ੇਰੀਆਂ ਭਰਿਆ ਹੋ ਹੱਲਾ, ਕੁਮੈਂਟਰੀ ਕਰਨ ਵਾਲਿਆਂ ਦੇ ਹੌਸਲੇ ਵਧਾਊ ਕਾਵਿ ਟੋਟਕਿਆਂ ਤੇ ਹੋਰ ਹਾਸੇ ਮਜ਼ਾਕ ਵਾਲੇ ਬੋਲਾਂ ਨਾਲ ਖੇਡਾਂ ਪ੍ਰਤੀ ਖਿਡਾਰੀਆਂ ਦਾ ਜੋਸ਼ ਭਰਿਆ ਜਜ਼ਬਾ ਹੋਰ ਵੀ ਠਾਠਾਂ ਮਾਰਨ ਲੱਗ ਜਾਂਦਾ। ਹਿੱਕਾਂ ਥਾਪੜ ਥਾਪੜ ਤੇ ਪੱਟਾਂ ’ਤੇ ਵੱਜਦੀਆਂ ਥਾਪੀਆਂ ਨਾਲ ਪੈਂਦੀਆਂ ਕਬੱਡੀਆਂ, ਰੇਡਰਾਂ ਤੇ ਜਾਫ਼ੀਆਂ ਦੀ ਹੁੰਦੀ ਜ਼ੋਰ ਅਜ਼ਮਾਈ ਦੀ ਕਰਿੰਗੜੀ ਤੇ ਜੇਤੂ ਪੁਆਇੰਟ ਮਿਲਣ ’ਤੇ ਜੇਤੂ ਦੇ ਮੂੰਹ ’ਚੋਂ ਬੱਕਰੇ ਬਲਾਉਂਦੇ ਲਲਕਾਰੇ ਆਦਿ ‘ਦੁਨੀਆ ਮੰਨਦੀ ਜ਼ੋਰਾਂ ਨੂੰ’ ਦੀ ਗਵਾਹੀ ਭਰ ਰਹੇ ਸਨ। ਜਿੱਤ ਹਾਰ ਦੇ ਫ਼ੈਸਲੇ ਤੋਂ ਬਾਅਦ ਮੁਕਾਬਲਿਆਂ ਵਾਲੀਆਂ ਵਿਰੋਧੀ ਟੀਮਾਂ ਦੇ ਖਿਡਾਰੀਆਂ ਦੀਆਂ ਪੈਂਦੀਆਂ ਆਪਸੀ ਗਲਵੱਕੜੀਆਂ ਇਹ ਵੀ ਸਿੱਧ ਕਰ ਰਹੀਆਂ ਸਨ ਕਿ ਖੇਡ ਮੁਕਾਬਲੇ ਵਿੱਚ ਇੱਕ ਦੂਜੇ ਦੇ ਵਿਰੁੱਧ ਜ਼ਰੂਰ ਸਾਂ, ਪਰ ਅਸਲੀਅਤ ਵਿੱਚ ਈਰਖਾ, ਵੈਰ-ਵਿਰੋਧ ਤੋਂ ਉੱਪਰ ਗੁਰੂ ਦੇ ਸਿੱਖ ਪਹਿਲਾਂ ਹਾਂ।
‘ਹਾਰ ਦਾ ਗ਼ਮ ਨਹੀਂ, ਜਿੱਤਣ ਦੇ ਜਸ਼ਨ ਨਾਲੋਂ ਸ਼ੌਕ ਅਮੁੱਲ ਹੁੰਦਾ ਹੈ। ਪਰ ਸਭ ਤੋਂ ਉੱਪਰ ਸਰਬੱਤ ਦਾ ਭਲਾ ਹੈ’ ਦੀ ਸੋਚ ਤੇ ਸੇਵਾ ਭਾਵਨਾ ਨੂੰ ਸਮਰਪਿਤ ਸੀ ਇਹ ਸਿੱਖ ਖੇਡ ਮੇਲਾ। ਇਸ ਸਿੱਖ ਖੇਡ ਮੇਲੇ ਦਾ ਰੌਣਕ ਮੇਲਾ ਮੇਰੇ ਜੀਵਨ ਦੀ ਇੱਕ ਅਭੁੱਲ ਯਾਦ ਬਣ ਕੇ ਮੇਰੇ ਚੇਤੇ ਦੀ ਫੁਲਵਾੜੀ ਵਿੱਚ ਹਮੇਸ਼ਾਂ ਟਹਿਕਦਾ ਤੇ ਮਹਿਕਦਾ ਰਹੇਗਾ।
ਸੰਪਰਕ: 61430204832

Advertisement