ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਵਾਰਾ ਸਾਨ੍ਹ ਨੂੰ ਗੋਲੀਆਂ ਮਾਰਨ ਦਾ ਮਾਮਲਾ ਭਖ਼ਿਆ

05:43 AM May 26, 2025 IST
featuredImage featuredImage
ਗੋਲੀਆਂ ਵੱਜਣ ਤੋਂ ਬਾਅਦ ਜ਼ਖ਼ਮੀਂ ਹਾਲਤ ਵਿੱਚ ਖੇਤ ਵਿੱਚ ਬੈਠਾ ਸਾਨ੍ਹ।

ਸੰਜੀਵ ਹਾਂਡਾ
ਫ਼ਿਰੋਜ਼ਪੁਰ, 25 ਮਈ
ਕਸਬਾ ਮਮਦੋਟ ਦੇ ਪਿੰਡ ਧੀਰਾ ਪੱਤਰਾ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਖੇਤ ਵਿੱਚ ਵੜੇ ਆਵਾਰਾ ਸਾਨ੍ਹ ਨੂੰ ਗੋਲੀਆਂ ਮਾਰਨ ਦਾ ਮਾਮਲਾ ਭਖ਼ਣ ਮਗਰੋਂ ਮਮਦੋਟ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਕਰਨਵੀਰ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ-68 ਦਰਜ ਕਰ ਲਿਆ ਹੈ। ਪੁਲੀਸ ਨੇ ਕਰਨਵੀਰ ਸਿੰਘ ’ਤੇ ਅਸਲਾ ਐਕਟ, ਪਸ਼ੂਆਂ 'ਤੇ ਜ਼ੁਲਮ ਢਾਹੁਣ ਸਬੰਧੀ ਬਣੇ ਐਕਟ-1960 ਸਮੇਤ ਭਾਰਤੀ ਨਿਆਂ ਸੰਹਿਤਾ ਦੀ ਧਾਰਾ 325 ਅਧੀਨ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਪਿੰਡ ਵਾਸੀ ਇੰਦਰਜੀਤ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਕਰਨਵੀਰ ਸਿੰਘ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲੀਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨਿੱਚਰਵਾਰ ਦੀ ਹੈ, ਜਦੋਂ ਇੱਕ ਆਵਾਰਾ ਸਾਨ੍ਹ ਕਰਨਵੀਰ ਸਿੰਘ ਦੇ ਖੇਤ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਕਰਨਵੀਰ ਸਿੰਘ ਨੇ ਪਿਸਤੌਲ ਨਾਲ ਸਾਨ੍ਹ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸਾਨ੍ਹ ਨੂੰ ਦੋ ਗੋਲੀਆਂ ਲੱਗੀਆਂ। ਇੱਕ ਗੋਲੀ ਉਸ ਦੀ ਲੱਤ ਵਿੱਚ ਅਤੇ ਦੂਜੀ ਉਸ ਦੇ ਪੇਟ ਵਿੱਚ ਲੱਗੀ ਦੱਸੀ ਜਾਂਦੀ ਹੈ। ਪਿੰਡ ਵਾਸੀਆਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਕੁਝ ਲੋਕਾਂ ਨੇ ਜ਼ਖ਼ਮੀ ਹਾਲਤ ਵਿੱਚ ਬੈਠੇ ਸਾਨ੍ਹ ਦੀ ਵੀਡੀਓ ਬਣਾ ਲਈ। ਗ਼ਲਤੀ ਦਾ ਅਹਿਸਾਸ ਹੋਣ 'ਤੇ ਮੁਲਜ਼ਮ ਕਰਨਵੀਰ ਜ਼ਖ਼ਮੀ ਸਾਨ੍ਹ ਨੂੰ ਟਰੈਕਟਰ ਪਿੱਛੇ ਪਾ ਕੇ ਆਪਣੇ ਘਰ ਲੈ ਆਇਆ। ਬਾਅਦ ਵਿੱਚ ਕਿਸੇ ਨੇ ਇਸ ਘਟਨਾ ਦਾ ਰੌਲਾ ਪਾ ਦਿੱਤਾ ਅਤੇ ਮਾਮਲਾ ਪੁਲੀਸ ਅਤੇ ਗਊ ਰਕਸ਼ਾ ਦਲ ਦੇ ਕਾਰਕੁਨਾਂ ਦੇ ਧਿਆਨ ਵਿੱਚ ਵੀ ਆ ਗਿਆ।
ਦੇਰ ਸ਼ਾਮ ਪਸ਼ੂ ਪਾਲਣ ਵਿਭਾਗ ਦੀ ਇੱਕ ਮੈਡੀਕਲ ਟੀਮ ਪੁਲੀਸ ਦੇ ਨਾਲ ਪਿੰਡ ਪਹੁੰਚੀ ਤੇ ਜ਼ਖ਼ਮੀ ਸਾਨ੍ਹ ਨੂੰ ਇਲਾਜ ਵਾਸਤੇ ਪਸ਼ੂ ਹਸਪਤਾਲ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਮੁਲਜ਼ਮ ਕਰਨਵੀਰ ਸਿੰਘ ਦੇ ਪਿਤਾ ਬੂਟਾ ਸਿੰਘ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪੂਰੇ ਇਲਾਕੇ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਕਈ ਵਾਰ ਜ਼ਿਲ੍ਹਾ ਅਤੇ ਸੂਬਾ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਉਹ ਕੌਮੀ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਪੁੱਤਰ ਦੀ ਇਸ ਕਾਰਵਾਈ ਨਾਲ ਉਨ੍ਹਾਂ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ। ਪਿੰਡ ਦੇ ਸਰਪੰਚ ਗੁਰਲਾਲ ਸਿੰਘ ਸਮੇਤ ਉਸ ਦੇ ਕੁਝ ਹੋਰ ਸਾਥੀਆਂ ਵੱਲੋਂ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਮਦੋਟ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਕਰਨਵੀਰ ਸਿੰਘ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

 

Advertisement
Advertisement