ਆਰੀਆ ਕੰਨਿਆ ਕਾਲਜ ਵਿੱਚ 249 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਜਨਵਰੀ
ਇੱਥੇ ਅੱਜ ਆਰੀਆ ਕੰਨਿਆ ਕਾਲਜ ਵਿਚ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸੱਚਦੇਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੀ ਸੰਸਕ੍ਰਿਤ ਵਿਭਾਗ ਦੀ ਮੁਖੀ ਕੈਪਟਨ ਜੋਤੀ ਸ਼ਰਮਾ ਦੀ ਅਗਵਾਈ ਹੇਠ ਐੱਨਸੀਸੀ ਕੈਡੇਟੇਸ ਨੇ ਮੁੱਖ ਮਹਿਮਾਨ ਨੂੰ ਗਾਰਡ ਆਫ ਆਨਰ ਦਿੱਤਾ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਿਗਰੀ ਵੰਡ ਸਮਾਰੋਹ ਦਾ ਆਰੰਭ ਗਿਆਨ ਦੀ ਦੇਵੀ ਸਰਸਵਤੀ ਦੇ ਸਾਹਮਣੇ ਪਤਵੰਤਿਆਂ ਨੇ ਦੀਪ ਜਗਾ ਕੇ ਕੀਤਾ ਤੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਕੀਤੀ। ਸਮਾਰੋਹ ਦੀ ਸੰਯੋਜਿਕਾ ਸਰੀਰਿਕ ਸਿਖਿਆ ਵਿਭਾਗ ਦੀ ਮੁਖੀ ਡਾ. ਸੋਨੀਆ ਮਲਿਕ ਨੇ ਮੁੱਖ ਮਹਿਮਾਨ ਦੀ ਜਾਣ ਪਛਾਣ ਕਰਾਈ। ਮਗਰੋਂ ਕਾਲਜ ਦੀ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਰਾਮ ਲਾਲ ਬਾਂਸਲ ਨੇ ਕੁਲਪਤੀ ਦਾ ਸਵਾਗਤ ਕੀਤਾ। ਡਾ. ਆਰਤੀ ਤਰੇਹਨ ਨੇ ਕਾਲਜ ਦੇ ਸ਼ੈਸ਼ਨ 2023-24 ਦੀ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਪ੍ਰੋ. ਸੋਮ ਨਾਥ ਸੱਚਦੇਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਭ ਨੂੰ ਰੁਜ਼ਗਾਰ ਵੱਲ ਜਾਗਰੂਕ ਕਰਨ ਦੀ ਲੋੜ ਹੈ। ਨੌਜਵਾਨ ਸ਼ਕਤੀ ਕੌਸ਼ਲ ਵਿਕਾਸ ਤੇ ਜ਼ਿਆਦਾ ਕੇਂਦਰਿਤ ਹੋਵੇ। ਨਵੀਨ ਸਿੱਖਿਆ ਪ੍ਰਣਾਲੀ ਦਾ ਵੀ ਇਹੀ ਮੂਲ ਉਦੇਸ਼ ਹੈ। ਵਿਦਿਆਰਥਣਾਂ ਨੂੰ ਆਪਣੇ ਭਵਿੱਖ ਨੂੰ ਉਜਵਲ ਕਰਨ ਲਈ ਉਨ੍ਹਾਂ ਨੂੰ ਆਰੀਆ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਕਿਹਾ ਕਿ ਅੱਜ ਵਰਤਮਾਨ ਵਿਚ ਹੋਏ ਬਦਲੇਵਿਆਂ ਨੂੰ ਸਭ ਨੂੰ ਮੰਨਣਾ ਪਵੇਗਾ। ਉਨ੍ਹਾਂ 2018-19 ਤੋਂ ਲੈ ਕੇ ਸਾਲ 2022-23 ਤਕ ਦੇ ਵਣਿਜ, ਹਿੰਦੀ, ਲਲਿਤ ਕਲਾ, ਵਿਗਿਆਨ, ਗਣਿਤ, ਦੀਆਂ 58 ਤੇ ਕੰਪਿਊਟਰ, ਵਿਗਿਆਨ, ਵਣਿਜ ਤੇ ਕਲਾ ਸਨਾਤਕ ਦੀਆਂ 191 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ। ਕਾਲਜ ਦੀ ਪ੍ਰਬੰਧਕ ਸਮਿਤੀ ਦੇ ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ ਨੇ ਸਭ ਦੇ ਲਈ ਇਨਾਂ ਦਾ ਧੰਨਵਾਦ ਕੀਤਾ। ਕਾਲਜ ਦੀ ਪ੍ਰਬੰਧਕ ਸੀਮਿਤੀ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਇਸ ਮੌਕੇ ਕਾਲਜ ਦੀ ਸਾਬਕਾ ਪ੍ਰਿੰਸੀਪਲ ਤੇ ਪ੍ਰਬੰਧਕ ਸਮਿਤੀ ਦੀ ਮੈਂਬਰ ਰਮਨ ਕਾਂਤਾ, ਕਪਿਲ ਗੁਪਤਾ, ਸਾਬਕਾ ਪ੍ਰਿੰਸੀਪਲ ਡਾ. ਭਾਰਤੀ ਬੰਧੂ , ਐੱਮਐੱਨ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਚੌਧਰੀ, ਐੱਮਡੀਐੱਸਡੀ ਕਾਲਜ ਅੰਬਾਲਾ ਦੀ ਸਾਬਕਾ ਪ੍ਰਿੰਸੀਪਲ ਡਾ. ਕਿਰਨ ਆਂਗਰਾ, ਪ੍ਰੋ. ਜਵਾਹਰ ਲਾਲ, ਆਰੀਆ ਸਕੂਲ ਦੀ ਪ੍ਰਿੰਸੀਪਲ ਰੇਖਾ ਸੇਤੀਆ ਮੌਜੂਦ ਸਨ।
ਵਿਦਿਆਰਥਣਾਂ ਨੂੰ ਸਮੇਂ ਦਾ ਹਾਣੀ ਬਣਨ ਦੀ ਅਪੀਲ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸੱਚਦੇਵਾ ਨੇ ਵਿਦਿਆਰਥਣਾਂ ਨੂੰ ਸਮੇਂ ਦੇ ਹਾਣੀ ਬਣਨ ਦੀ ਅਪੀਲ ਕੀਤੀ। ਉਨ੍ਹਾਂ ਸਵਦੇਸ਼ ,ਪ੍ਰੇਮ ਤੇ ਸਵਦੇਸ਼ੀ ਵਸਤੂਆਂ ਪ੍ਰਤੀ ਪਿਆਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਦਾ ਟੀਚਾ ਨਿਰਧਾਰਤ ਕਰ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਆਪਣੇ ਟੀਚੇ ਨੂੰ ਸਦਾ ਉੱਚਾ ਰੱਖਣ ਤੇ ਇਸ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਰੁਜ਼ਗਾਰ ਮੁਖੀ ਬਨਣ ਵੱਲ ਵੀ ਆਪਣਾ ਧਿਆਨ ਦੇਣਾ ਜ਼ਰੂਰੀ ਹੈ।