ਆਰਥਿਕ ਤੌਰ ’ਤੇ ਸੰਪੰਨ ਪਰਿਵਾਰ ’ਤੇ ਨੀਲੇ ਕਾਰਡ ਤਹਿਤ ਲਾਭ ਲੈਣ ਸਬੰਧੀ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਜਨਵਰੀ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਮੰਗਲਵਾਰ ਨੂੰ ਲਤੀਫਪੁਰਾ ਨਿਵਾਸੀ ਇੱਕ ਔਰਤ ਖਿਲਾਫ਼ ਮੁਫ਼ਤ ਅਨਾਜ ਪ੍ਰਾਪਤ ਕਰਨ ਲਈ ਆਪਣੀ ਵਿੱਤੀ ਸਥਿਤੀ ਨੂੰ ਛੁਪਾਉਂਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਰਾਸ਼ਨ ਕਾਰਡ ਬਣਵਾਉਣ ਦੇ ਦੋਸ਼ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲੀਸ ਨੇ ਦੋਸ਼ ਲਾਇਆ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਪਛਾਣ ਮਨਜੀਤ ਕੌਰ ਵਾਸੀ ਲਤੀਫਪੁਰਾ ਮਾਡਲ ਟਾਊਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੂਡ ਸਪਲਾਈ ਅਫ਼ਸਰ ਮੁਨੀਸ਼ ਕੁਮਾਰ ਤੋਂ ਪ੍ਰਾਪਤ ਸ਼ਿਕਾਇਤ ਅਨੁਸਾਰ ਮੁਲਜ਼ਮ ਮਹਿਲਾ ਨੇ ਆਪਣੀ ਆਰਥਿਕ ਸਥਿਤੀ ਬਾਰੇ ਗਲਤ ਜਾਣਕਾਰੀ ਦੇ ਕੇ ਸਾਲ 2021 ਵਿੱਚ ਆਪਣੇ ਨਾਂ ‘ਤੇ ਨੀਲਾ ਕਾਰਡ ਬਣਵਾ ਲਿਆ ਸੀ।
ਉਨ੍ਹਾਂ ਕਿਹਾ ਕਿ ਮੁਲਜ਼ਮ ਪਰਿਵਾਰ ਪਾਸ ਪਹਿਲਾਂ ਹੀ ਇੱਕ ਲਗਜ਼ਰੀ ਕਾਰ ਹੈ। ਮੁਲਜ਼ਮ ਮਹਿਲਾ ਦਾ ਪੁੱਤਰ ਆਮਦਨ ਕਰ ਦਾਤਾ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਹੈ।