ਆਰਥਿਕ ਅਪਰਾਧੀਆਂ ਦੀ ਲੁਕਣ ਮੀਟੀ
ਹੀਰਿਆਂ ਦਾ ਕਾਰੋਬਾਰੀ ਮੇਹੁਲ ਚੋਕਸੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਖ਼ਬਰ ਆਈ ਕਿ ਉਸ ਨੂੰ ਲੰਘੀ 12 ਅਪਰੈਲ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਹ ਕੈਂਸਰ ਦਾ ਇਲਾਜ ਕਰਾਉਣ ਲਈ ਬੈਲਜੀਅਮ ਗਿਆ ਸੀ। ਚੋਕਸੀ 2018 ਵਿੱਚ ਭਾਰਤ ਤੋਂ ਫਰਾਰ ਹੋ ਗਿਆ ਸੀ। ਚੋਕਸੀ ਅਤੇ ਉਸ ਦੇ ਭਤੀਜੇ ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਵਿਚਲੀ ਬਰੈਡੀ ਹਾਊਸ ਬ੍ਰਾਂਚ ਵਿੱਚੋਂ ਧੋਖਾਧੜੀ ਨਾਲ 13500 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਮਈ 2021 ਵਿੱਚ ਉਹ ਡੋਮੀਨਿਕਾ ਵਿੱਚ ਸਾਹਮਣੇ ਆਇਆ ਸੀ ਜਦੋਂ ਉਸ ਦੇ ਵ੍ਹੀਲਚੇਅਰ ’ਤੇ ਬੈਠੇ ਦੀਆਂ ਤਸਵੀਰਾਂ ਛਪੀਆਂ ਸਨ ਅਤੇ ਉਸ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਭਾਰਤ ’ਚੋਂ ਫਰਾਰ ਹੋਣ ਤੋਂ ਪਹਿਲਾਂ ਉਹ ਐਂਟੀਗਾ ਤੇ ਬਰਬੂਡਾ ਵਿੱਚ ਰਹਿ ਰਿਹਾ ਸੀ ਅਤੇ ਉੱਥੋਂ ਦੀ ਨਾਗਰਿਕਤਾ ਵੀ ਹਾਸਿਲ ਕਰ ਲਈ ਸੀ। ਕੁਝ ਮਹੀਨੇ ਬਾਅਦ ਚੋਕਸੀ ਨੂੰ ਭਾਰਤ ਲਿਆਉਣ ਲਈ ਅਧਿਕਾਰੀਆਂ ਦੀ ਟੀਮ ਡੋਮੀਨਿਕਾ ਗਈ ਸੀ ਪਰ ਚੋਕਸੀ ਦੇ ਵਕੀਲਾਂ ਅਤੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਭਾਰਤੀ ਏਜੰਟਾਂ ਵੱਲੋਂ ਉਸ ’ਤੇ ਹਮਲਾ ਕੀਤਾ ਗਿਆ ਸੀ ਅਤੇ ਬੰਧਕ ਬਣਾਇਆ ਗਿਆ ਸੀ। ਥੋੜ੍ਹੀ ਦੇਰ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਡੋਮੀਨਿਕਾ ਨੇ ਚੋਕਸੀ ਨੂੰ ਵਾਪਸ ਐਂਟੀਗਾ ਭੇਜ ਦਿੱਤਾ ਸੀ ਅਤੇ ਭਾਰਤੀ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣਾ ਪਿਆ ਸੀ।
ਕਰੀਬ 41 ਹਜ਼ਾਰ ਕਰੋੜ ਰੁਪਏ ਦੇ ਵਿੱਤੀ ਘੁਟਾਲਿਆਂ, ਗਬਨ ਅਤੇ ਫਰਾਡ ਦੇ ਕੇਸਾਂ ਵਿੱਚ ਲੋੜੀਂਦੇ ਕਰੀਬ ਢਾਈ ਦਰਜਨ ਭਾਰਤੀ ਕਾਰੋਬਾਰੀ ਇਸ ਵੇਲੇ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਇਨ੍ਹਾਂ ’ਚੋਂ ਕੁਝ ਭਗੌੜਿਆਂ ਨੂੰ ਵਾਪਸ ਭਾਰਤ ਲਿਆਉਣ ਦੀਆਂ ਚਾਰਾਜੋਈਆਂ ਚੱਲ ਵੀ ਰਹੀਆਂ ਹਨ ਪਰ ਹਾਲੇ ਤੱਕ ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪੈ ਸਕਿਆ। ਹਾਲਾਂਕਿ ਬੈਲਜੀਅਮ ਨਾਲ ਭਾਰਤ ਦੀ ਬਹੁਤ ਪੁਰਾਣੀ ਹਵਾਲਗੀ ਸੰਧੀ ਹੈ, ਹੁਣ ਚੋਕਸੀ ਦੇ ਮਾਮਲੇ ਵਿੱਚ ਵੀ ਇਹ ਕਾਰਵਾਈ ਮੁੜ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹਵਾਲਗੀ ਸੰਧੀ ਦੀਆਂ ਸ਼ਰਤਾਂ ਕਾਫ਼ੀ ਸਖ਼ਤ ਹਨ ਅਤੇ ਦੂਜਾ ਚੋਕਸੀ ਦੇ ਵਕੀਲ ਡੋਮੀਨਿਕਾ ਕਾਂਡ ਦੀ ਵਰਤੋਂ ਕਰ ਕੇ ਇਹ ਸਿੱਧ ਕਰ ਸਕਦੇ ਹਨ ਕਿ ਭਾਰਤ ਵਿੱਚ ਉਸ ਦੇ ਖ਼ਿਲਾਫ਼ ਢੁਕਵੀਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਜਾਂਦਾ।
ਭਾਰਤ ਵਿੱਚੋਂ ਫਰਾਰ ਹੋਏ ਆਰਥਿਕ ਮਾਮਲਿਆਂ ਦੇ ਭਗੌੜਿਆਂ ਨੂੰ ਵਾਪਸ ਲਿਆ ਕੇ ਨਿਆਂ ਦੇ ਕਟਹਿਰੇ ਵਿੱਚ ਖੜ੍ਹੇ ਕਰਨ ਦੇ ਮਾਮਲੇ ਵਿੱਚ ਦੇਸ਼ ਨੂੰ ਲਗਾਤਾਰ ਜੱਦੋਜਹਿਦ ਕਰਨੀ ਪੈ ਰਹੀ ਹੈ। ਹਜ਼ਾਰਾਂ ਕਰੋੜਾਂ ਰੁਪਏ ਦਾ ਗਬਨ ਕਰ ਕੇ ਫਰਾਰ ਹੋਏ ਵਿਜੈ ਮਾਲਿਆ ਅਤੇ ਨੀਰਵ ਮੋਦੀ ਜਿਹੇ ਕਾਰੋਬਾਰੀ ਉੱਥੋਂ ਦੀਆਂ ਅਦਾਲਤਾਂ ਵਿੱਚ ਇਹੋ ਦਲੀਲਾਂ ਪੇਸ਼ ਕਰ ਰਹੇ ਹਨ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਆਮ ਹੁੰਦਾ ਹੈ ਅਤੇ ਉੱਥੇ ਉਨ੍ਹਾਂ ਨੂੰ ਬਣਦੀ ਕਾਨੂੰਨੀ ਪ੍ਰਕਿਰਿਆ ਉਪਲੱਬਧ ਨਹੀਂ ਹੋ ਸਕੇਗੀ। ਮਾਲਿਆ ਦੇ ਵਕੀਲ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚਲੀਆਂ ਸੁਵਿਧਾਵਾਂ ਦੀ ਮਾੜੀ ਹਾਲਤ ਨੂੰ ਉਜਾਗਰ ਕਰ ਕੇ ਕਾਨੂੰਨੀ ਕਾਰਵਾਈ ਲਮਕਾਉਣ ਵਿੱਚ ਕਾਮਯਾਬ ਹੋ ਗਏ ਸਨ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਵਿੱਚ ਕਾਨੂੰਨੀ ਬਾਰੀਕੀਆਂ ਦੀ ਵੱਡੀ ਭੂਮਿਕਾ ਰਹਿੰਦੀ ਹੈ। ਅਜਿਹੇ ਅਪਰਾਧੀਆਂ ਨੂੰ ਫਰਾਰ ਹੋਣ ਤੋਂ ਰੋਕਣ ਵਿੱਚ ਦੇਸ਼ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਭੂਮਿਕਾ ਉੱਪਰ ਵੀ ਸਵਾਲ ਉੱਠਦੇ ਰਹੇ ਹਨ। ਭਾਰਤ ਵਿੱਚ ਆਰਥਿਕ ਅਪਰਾਧਾਂ ਖ਼ਿਲਾਫ਼ ਵੱਖ-ਵੱਖ ਪੱਧਰਾਂ ’ਤੇ ਅਸਰਦਾਰ ਡਰਾਵੇ ਦੀ ਹਾਲੇ ਤੱਕ ਉਡੀਕ ਹੋ ਰਹੀ ਹੈ।