ਆਰਡਰ ’ਚ ਦੇਰੀ ਕਾਰਨ ਦੁਕਾਨਦਾਰ ਭਰਾਵਾਂ ’ਤੇ ਹਮਲਾ
ਹਤਿੰਦਰ ਮਹਿਤਾ
ਜਲੰਧਰ, 12 ਜੂਨ
ਇੱਥੋਂ ਦੇ ਮਿਲਾਪ ਚੌਕ ਸਥਿਤ ਦੁੱਗਲ ਚਾਂਪ ਦੁਕਾਨ ’ਤੇ ਆਰਡਰ ਦੇਰ ਨਾਲ ਆਉਣ ਕਾਰਨ ਕੁਝ ਨਿਹੰਗ ਸਿੰਘਾਂ ਵੱਲੋਂ ਨਾ ਸਿਰਫ਼ ਤਿੰਨ ਦੁਕਾਨਦਾਰ ਭਰਾਵਾਂ ਦੀ ਕੁੱਟਮਾਰ ਕੀਤੀ ਗਈ, ਬਲਕਿ ਦੁਕਾਨ ਦਾ ਕਾਊਂਟਰ ਵੀ ਤੋੜ ਦਿੱਤਾ। ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਮੌਕੇ ’ਤੇ ਨਾ ਪਹੁੰਚਣ ਕਾਰਨ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਥਾਣੇ ਨੂੰ ਘੇਰ ਲਿਆ ਤੇ ਨਾਅਰੇਬਾਜ਼ੀ ਕੀਤੀ। ਦੇਰ ਰਾਤ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਪੁਲੀਸ ਸ਼ਿਕਾਇਤ ਵਿੱਚ ਰਸਤਾ ਮੁਹੱਲਾ ਦੇ ਵਸਨੀਕ ਸੁਮਿਤ ਦੁੱਗਲ ਤੇ ਨੀਸ਼ੂ ਦੁੱਗਲ ਨੇ ਕਿਹਾ ਕਿ ਉਹ ਮਿਲਾਪ ਚੌਕ ’ਤੇ ਦੁੱਗਲ ਵੈਜੀ ਚਾਂਪ ਨਾਮ ਦੀ ਦੁਕਾਨ ਚਲਾਉਂਦੇ ਹਨ। ਰਾਤ ਕਰੀਬ 9:30 ਵਜੇ ਨਿਹੰਗ ਸਿੰਘ ਉਨ੍ਹਾਂ ਦੀ ਦੁਕਾਨ ’ਤੇ ਚਾਂਪ ਖਾਣ ਆਏ ਸਨ। ਇਸ ਦੌਰਾਨ ਨਿਹੰਗ ਸਿੰਘਾਂ ਨੇ ਆਰਡਰ ’ਚ ਦੇਰੀ ਲਈ ਉਨ੍ਹਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਨਿਹੰਗ ਸਿੰਘਾਂ ਨੇ ਧਮਕੀ ਦਿੱਤੀ ਕਿ ਉਹ ਕੁਝ ਮਿੰਟਾਂ ’ਚ ਉਨ੍ਹਾਂ ਨੂੰ ਸਬਕ ਸਿਖਾਉਣਗੇ। ਕੁਝ ਮਿੰਟਾਂ ’ਚ ਇਕ ਦਰਜਨ ਤੋਂ ਵੱਧ ਨਿਹੰਗ ਸਿੰਘ ਹਥਿਆਰ ਲੈ ਕੇ ਪਹੁੰਚ ਗਏ ਅਤੇ ਦੁਕਾਨ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਤਿੰਨਾਂ ਭਰਾਵਾਂ ਨੂੰ ਜ਼ਖ਼ਮੀ ਕਰ ਦਿੱਤਾ। ਨਿਹੰਗ ਸਿੰਘਾਂ ਦੇ ਹਮਲੇ ਤੋਂ ਬਾਅਦ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਥਾਣਾ ਡਿਵੀਜ਼ਨ ਤਿੰਨ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਦੁਕਾਨਦਾਰਾਂ ਨੇ ਦੱਸਿਆ ਕਿ ਪੁਲੀਸ ਨੂੰ ਫੋਨ ਕੀਤਾ ਸੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸੇ ਲਈ ਥਾਣੇ ਦਾ ਘਿਰਾਓ ਕਰਨਾ ਪਿਆ। ਦੂਜੇ ਪਾਸੇ ਏਸੀਪੀ ਉੱਤਰੀ ਆਤਿਸ਼ ਭਾਟੀਆ ਨੇ ਦੇਰ ਰਾਤ ਮੌਕੇ ’ਤੇ ਪਹੁੰਚ ਕੇ ਸ਼ਿਕਾਇਤ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੀੜਤ ਦੁਕਾਨਦਾਰ ਨੂੰ ਮਿਲਣ ਪੁੱਜ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।