ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੌਜੂਦਾ ਸਿੱਖਿਆ

04:33 AM May 13, 2025 IST
featuredImage featuredImage

ਪਰਵਿੰਦਰ ਸਿੰਘ ਢੀਂਡਸਾ

Advertisement

ਮਾਨਵ ਸੱਭਿਅਤਾ ਦੇ ਇਤਿਹਾਸ ’ਚ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਅਸੀਂ ਨਿਕਟ ਭਵਿੱਖ ਬਾਰੇ ਇਸ ਹੱਦ ਤੱਕ ਅਨਿਸ਼ਚਿਤਤਾ ਨਾਲ ਭਰੇ ਹੋਏ ਹਾਂ। ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਦਾ ਹੈ। ਤਕਨੀਕ ਦੇ ਖੇਤਰ ’ਚ ਹੈਰਾਨੀਜਨਕ ਰਫ਼ਤਾਰ ਨਾਲ ਹੋ ਰਹੀ ਤਬਦੀਲੀ ਕਾਰਨ ਭਵਿੱਖ ਬਾਰੇ ਕੋਈ ਕਲਪਨਾ ਜਾਂ ਟਿੱਪਣੀ ਕਰਨੀ ਸੰਭਵ ਨਹੀਂ ਲੱਗਦੀ; ਮੌਜੂਦਾ ਰੁਝਾਨਾਂ ਨੂੰ ਦੇਖ ਕੇ ਇਸ ਬਾਰੇ ਸ਼ਾਇਦ ਇਹ ਗੱਲ ਸਾਡੀ ਕਲਪਨਾ ਤੋਂ ਵੀ ਬਾਹਰ ਹੈ ਕਿ ਇੱਕ ਦੋ ਦਹਾਕਿਆਂ ਬਾਅਦ ਦੁਨੀਆ ਦੀ ਤਸਵੀਰ ਕਿਹੋ ਜਿਹੀ ਹੋਵੇਗੀ।
ਮਨੁੱਖਤਾ ਦੇ ਇਤਿਹਾਸ ’ਚ ਪਹਿਲਾਂ ਵੀ ਕਈ ਖੋਜਾਂ ਅਜਿਹੀਆਂ ਹੋਈਆਂ ਜਿਨ੍ਹਾਂ ਤੋਂ ਬਾਅਦ ਕੁਝ ਸਾਲਾਂ ਵਿੱਚ ਹੀ ਤਰੱਕੀ ਨੇ ਜੋ ਸਫ਼ਰ ਤੈਅ ਕੀਤਾ, ਉਹ ਸ਼ਾਇਦ ਉਸ ਤੋਂ ਪਹਿਲਾਂ ਸੈਂਕੜੇ ਜਾਂ ਕਹੀਏ ਕਿ ਹਜ਼ਾਰਾਂ ਸਾਲਾਂ ਵਿੱਚ ਵੀ ਨਹੀਂ ਕੀਤਾ ਸੀ। ਅੱਗ ਤੇ ਪਹੀਏ ਦੀ ਖੋਜ ਆਦਿ ਕੁਝ ਨਾਂ ਉਦਾਹਰਨ ਵਜੋਂ ਲਏ ਜਾ ਸਕਦੇ ਹਨ। ਜਦ ਤੱਕ ਇਹ ਈਜਾਦਾਂ ਮਨੁੱਖੀ ਕੰਟਰੋਲ ਹੇਠ ਰਹੀਆਂ, ਤਦ ਤੱਕ ਇਨ੍ਹਾਂ ਨੇ ਮਨੁੱਖੀ ਸੱਭਿਅਤਾ ਦੀ ਵਡਮੁੱਲੀ ਸੇਵਾ ਕੀਤੀ ਪਰ ਜਦ-ਜਦ ਵੀ ਇਹ ਖੋਜਾਂ ਬੇਕਾਬੂ ਹੋਈਆਂ ਹਨ ਤਾਂ ਇਨ੍ਹਾਂ ਨੇ ਅਜਿਹੀ ਤਬਾਹੀ ਵੀ ਕੀਤੀ ਹੈ ਜਿਸ ਬਾਰੇ ਵਰਨਣ ਕਰਨ ਵਾਲੀਆਂ ਕਲਮਾਂ ਨੂੰ ਵੀ ਕੰਬਣੀ ਛਿੜ ਜਾਂਦੀ ਹੈ।
ਕਿਸੇ ਵੀ ਕ੍ਰਾਂਤੀਕਾਰੀ ਤਕਨੀਕ ਦਾ ਮਨੁੱਖਤਾ ਦੇ ਭਲੇ ਲਈ ਜਾਂ ਮਨੁੱਖੀ ਸੱਭਿਅਤਾ ਦੇ ਵਿਨਾਸ਼ ਦਾ ਕਾਰਨ ਬਨਣਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਤਕਨੀਕ ਕਿਸ ਤਰ੍ਹਾਂ ਦੀ ਮਾਨਸਿਕ ਪ੍ਰਵਿਰਤੀ ਵਾਲੇ ਲੋਕਾਂ ਦੇ ਹੱਥਾਂ ਵਿੱਚ ਜਾਂਦੀ ਹੈ। ਸੰਸਾਰ ਪ੍ਰਸਿੱਧ ਸ਼ਖ਼ਸੀਅਤ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਸਿੱਖਿਆ ਅਜਿਹਾ ਹਥਿਆਰ ਹੈ ਜਿਸ ਨੂੰ ਅਸੀਂ ਦੁਨੀਆ ਦੀ ਤਸਵੀਰ ਬਦਲਣ ਲਈ ਵਰਤ ਸਕਦੇ ਹਾਂ। ਅਜੋਕੇ ਸਮੇਂ ਵਿੱਚ ਅਸੀਂ ਅਨਿਸ਼ਚਿਤਤਾ ਦੇ ਜਿਸ ਆਲਮ ਵੱਲ ਜਾ ਰਹੇ ਹਾਂ, ਉਸ ਲਈ ਬਹੁਤ ਜ਼ਰੂਰੀ ਹੈ ਕਿ ਭਵਿੱਖ ਦੀ ਤਕਨੀਕ ਸਰਬੱਤ ਦਾ ਭਲਾ ਲੋਚਣ ਵਾਲੇ ਨੇਕਦਿਲ ਇਨਸਾਨਾਂ ਦੇ ਹੱਥਾਂ ਵਿੱਚ ਹੋਵੇ। ਅਨਿਸ਼ਚਿਤਤਾ ਦੇ ਇਸ ਮਾਹੌਲ ਵਿੱਚ ਸੰਤੁਸ਼ਟੀ ਦੀ ਗੱਲ ਹੈ ਕਿ ਸਿੱਖਿਆ ਦੇ ਰੂਪ ਵਿੱਚ ਸਾਡੇ ਕੋਲ ਅਜਿਹਾ ਅਸਤਰ ਮੌਜੂਦ ਹੈ ਜਿਸ ਨਾਲ ਅਸੀਂ ਇਹ ਨਿਸ਼ਚਤ ਕਰ ਸਕਦੇ ਹਾਂ। ਭਵਿੱਖ ਵਿੱਚ ਇਸ ਦੁਨੀਆ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਮੁੱਢਲੇ ਪੱਧਰ ਤੋਂ ਹੀ ਨੈਤਿਕ ਸਿੱਖਿਆ ਨਾਲ ਲਬਰੇਜ਼ ਕਰ ਕੇ ਅਸੀਂ ਕਾਫੀ ਹੱਦ ਤੱਕ ਰਾਹਤ ਮਹਿਸੂਸ ਕਰ ਸਕਦੇ ਹਾਂ।
ਸੰਭਾਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ ਦੇ ਦੌਰ ਵਿੱਚ ਕਿਸੇ ਵੀ ਤਕਨੀਕੀ ਮੁਹਾਰਤ ਨਾਲੋਂ ਨੈਤਿਕਤਾ ਦਾ ਮਨੁੱਖੀ ਰਗਾਂ ਵਿੱਚ ਦੌੜਨਾ ਵਧੇਰੇ ਮਹੱਤਵਪੂਰਨ ਹੋਣ ਵਾਲਾ ਹੈ। ਕੁਝ ਸਮਾਂ ਪਹਿਲਾਂ ‘ਸਵਾਗਤ ਜ਼ਿੰਦਗੀ’ ਦੇ ਨਾਂ ਹੇਠ ਇੱਕ ਵਿਸ਼ਾ ਇਸ ਮਕਸਦ ਦੀ ਪੂਰਤੀ ਕਰਨ ਵੱਲ ਸਹੀ ਆਗਾਜ਼ ਸੀ ਪਰ ਪਿਛਲੇ ਦੋ ਸਾਲਾਂ ਤੋਂ ਇਹ ਵਿਸ਼ਾ ਅਚਾਨਕ ਸਕੂਲ ਪਾਠਕ੍ਰਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਜੋ ਸਾਡੇ ਨੀਤੀ ਘਾੜਿਆਂ ਦੀ ਸੁਹਿਰਦਤਾ ’ਤੇ ਪ੍ਰਸ਼ਨ ਚਿੰਨ੍ਹ ਹੈ। ਸਮਾਂ ਜਿਸ ਤੇਜ਼ੀ ਨਾਲ ਕਰਵਟ ਬਦਲ ਰਿਹਾ ਹੈ, ਉਸ ਸਥਿਤੀ ਵਿੱਚ ਲਾਜ਼ਮੀ ਹੈ ਕਿ ਮਸ਼ੀਨਾਂ ਨਾਲ ਘਿਰੇ ਇਨਸਾਨ ਵਿੱਚ ਇਨਸਾਨੀਅਤ ਜਿਊਂਦੀ ਰਹੇ, ਉਹ ਇਨਸਾਨਾਂ ਵਾਂਗ ਸੋਚੇ, ਇਨਸਾਨ ਨੂੰ ਇਨਸਾਨ ਸਮਝੇ। ਅਕਸਰ ਸੁਣਦੇ ਹਾਂ ਕਿ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਬਹੁਤੇ ਸਬਕ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਏ ਹੀ ਨਹੀਂ ਜਾਂਦੇ। ਇਸ ਕਥਨ ਨੂੰ ਤੱਥਾਤਮਕ ਸਚਾਈ ਨਾਲੋਂ ਚੁਣੌਤੀ ਦੇ ਰੂਪ ਵਿੱਚ ਲੈਣਾ ਬਿਹਤਰ ਹੋਵੇਗਾ।
ਵਿਦਿਆਰਥੀ ਜੀਵਨ ਤੋਂ ਹੀ ਰਚਨਾਤਮਕਤਾ ਨੂੰ ਪਾਠਕ੍ਰਮ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਸਾਡੇ ਸਕੂਲਾਂ ਵਿੱਚ ਘਰ ਦਾ ਕੰਮ (ਹੋਮ ਵਰਕ) ਜੋ ਹਰੇਕ ਵਿਦਿਆਰਥੀ ਨੂੰ ਨਿੱਜੀ ਰੂਪ ਵਿੱਚ ਹੀ ਦਿੱਤਾ ਜਾਂਦਾ ਹੈ, ਇਹ ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਸਮੂਹਿਕ ਰੂਪ ਵਿੱਚ ਵੀ ਹੋ ਸਕਦਾ ਹੈ ਤਾਂ ਜੋ ਮਿਲਵਰਤਣ, ਅੰਤਰ-ਨਿਰਭਰਤਾ, ਸਹਿਯੋਗ ਦੀ ਭਾਵਨਾ ਵਰਗੀਆਂ ਭਾਵਨਾਤਮਕ ਚੰਗਿਆਈਆਂ ਵੀ ਵਿਦਿਆਰਥੀਆਂ ਵਿੱਚ ਪੈਦਾ ਕੀਤੀਆਂ ਜਾ ਸਕਣ; ਇਹ ਆਉਣ ਵਾਲੇ ਤਕਨੀਕੀ ਗਲਬੇ ਦੇ ਯੁੱਗ ਵਿੱਚ ਅਹਿਮ ਰੋਲ ਨਿਭਾਉਣਗੀਆਂ ਕਿਉਂਕਿ ਭਾਵਨਾਤਮਕ ਖੇਤਰ ਮਨੁੱਖ ਕੋਲ ਹੀ ਰਹਿਣ ਦੀ ਪੂਰੀ-ਪੂਰੀ ਸੰਭਾਵਨਾ ਹੈ। ‘ਆਪਣੇ ਆਪ ਨੂੰ ਕਿਸੇ ਦੂਜੇ ਦੀ ਥਾਂ ’ਤੇ ਰੱਖ ਕੇ ਦੇਖਣ ਦੀ ਯੋਗਤਾ’ (empathy) ਮਨੁੱਖ ਨੂੰ ਮਸ਼ੀਨਾਂ ਨਾਲੋਂ ਵੱਖਰਾ ਕਰਦੀ ਹੈ ਜੋ ਰੋਬੋਟਿਕਸ, ਸਾਈਬੌਰਗ ਦੇ ਦੌਰ ਵਿੱਚ ਮਨੁੱਖ ਨੂੰ ਮਨੁੱਖ ਬਣੇ ਰਹਿਣ ਲਈ ਬੇਹੱਦ ਜ਼ਰੂਰੀ ਹੋਵੇਗੀ।
ਸੋ, ਲਾਜ਼ਮੀ ਹੈ ਕਿ ਕਿਸੇ ਮਨੁੱਖ ਬਾਰੇ ਕੋਈ ਫੈਸਲਾ ਕਰਦੇ ਸਮੇਂ ਸਿਰਫ ਤੱਥਾਂ ਦੀ ਬਜਾਏ ਉਸ ਦੀਆਂ ਭਾਵਨਾਵਾਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਕਿਉਂਕਿ ਸਿਰਫ ਅੰਕੜਿਆਂ ਦੇ ਆਧਾਰ ’ਤੇ ਫੈਸਲੇ ਕਰਨ ਦਾ ਕੰਮ ਤਾਂ ਮਸ਼ੀਨਾਂ ਬਾਖੂਬੀ ਕਰ ਸਕਦੀਆਂ ਹਨ। ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਮਨੁੱਖਾਂ ਦੀ ਦੁਨੀਆ ਕਿਸੇ ਵੀ ਤਰ੍ਹਾਂ ਦੇ ਅੰਕੜਿਆਂ ਤੋਂ ਬਹੁਤ ਅਲੱਗ ਹੁੰਦੀ ਹੈ। ਤਰਸ, ਦਇਆ, ਰਹਿਮ ਅਤੇ ਭਾਵੁਕਤਾ ਵਰਗੇ ਕੋਮਲ ਅਹਿਸਾਸ ਤੋਂ ਵਿਰਵਾ ਮਨੁੱਖ ਇਨਸਾਨ ਕਹਾਉਣ ਦਾ ਹੱਕਦਾਰ ਨਹੀਂ ਬਣ ਸਕਦਾ। ਉਨ੍ਹਾਂ ਅੰਦਰ ਇਹ ਜਜ਼ਬਾ ਭਰਨਾ ਪਵੇਗਾ ਕਿ ਮਨੁੱਖ ਜਾਂ ਮਨੁੱਖ ਦੁਆਰਾ ਬਣਾਇਆ ਕੋਈ ਵੀ ਸਿਸਟਮ ਗ਼ਲਤੀ ਕਰ ਸਕਦਾ ਹੈ ਅਤੇ ਹਰੇਕ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਉਸ ’ਤੇ ਪੁਨਰਵਿਚਾਰ ਕਰਨਾ ਲਾਜ਼ਮੀ ਹੈ। ਸਾਡੇ ਸਿੱਖਿਆ ਸਿਸਟਮ ਅਤੇ ਸਮਾਜ ਵਿੱਚ ਬੱਚਿਆਂ ਨੂੰ ‘ਫੈਸਲੇ ਕਰਨ ਦੀ ਪ੍ਰਕਿਰਿਆ’ ਤੋਂ ਕਾਫੀ ਹੱਦ ਤੱਕ ਦੂਰ ਰੱਖਿਆ ਜਾਂਦਾ ਹੈ। ਆਪਣੇ ਆਲੇ-ਦੁਆਲੇ ਬਾਰੇ ਰਾਇ ਬਣਾਉਣ ਦਾ ਮਾਹੌਲ ਦੇਣਾ ਅਤੇ ਵਾਜਿਬ ਫੈਸਲੇ ਕਰਨ ਦੀ ਯੋਗਤਾ ਵਿਕਸਿਤ ਕਰਨਾ ਕਿਸੇ ਬੱਚੇ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿਸੇ ਅਕਾਦਮਿਕ, ਤਕਨੀਕੀ ਖੇਤਰ ਵਿੱਚ ਮੁਹਾਰਤ ਹਾਸਲ ਕਰਨਾ।
ਸਮੇਂ ਦਾ ਹਾਣੀ ਬਣਨ ਲਈ ਸਮੇਂ ਦੀ ਤਕਨੀਕ ਵਿੱਚ ਮੁਹਾਰਤ ਤਾਂ ਚਾਹੀਦੀ ਹੀ ਹੈ ਪਰ ਨਾਲ ਹੀ ਕੁਝ ਅਜਿਹੀਆਂ ਕਲਾਵਾਂ ਨਾਲ ਵੀ ਲੈਸ ਹੋਣਾ ਪਵੇਗਾ ਤਾਂ ਜੋ ਆਪਣੇ-ਆਪ ਨੂੰ ਮਸ਼ੀਨਾਂ ਤੋਂ ਵੱਖਰਾ ਅਤੇ ਲੋੜੀਂਦਾ ਦਿਖਾਇਆ ਜਾ ਸਕੇ। ਕੋਡਿੰਗ ਅਤੇ ਡਾਟਾ ਅਨੈਲਸਿਸ ਵਰਗੇ ਤਕਨੀਕੀ ਮੁਹਾਰਤ ਵਾਲੇ ਖੇਤਰਾਂ ਦੇ ਨਾਲ-ਨਾਲ ਉਪਰ ਚਰਚਿਤ ਕੁਝ ਕੋਮਲ ਕਲਾਵਾਂ ਦੀ ਜਾਣਕਾਰੀ ਵੀ ਅਹਿਮ ਹੋਵੇਗੀ ਜੋ ਜਲਦੀ ਹੀ ਕਿਸੇ ਮਨੁੱਖ ਨੂੰ ‘ਵਿਲੱਖਣ ਇਨਸਾਨ’ ਦਾ ਦਰਜਾ ਦਿਵਾਉਣ ਵਿੱਚ ਸਹਾਈ ਹੋਣਗੀਆਂ। ਸਰਕਾਰਾਂ ਤੋਂ ਲੈ ਕੇ ਆਮ ਬੰਦੇ ਤੱਕ, ਸਭ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਪਛਾਨਣ ਦੀ ਲੋੜ ਹੈ।
ਸੰਪਰਕ: 98148-29005

Advertisement
Advertisement