ਆਯੂਸ਼ਮਾਨ ਭਾਰਤ ਡਿਜੀਟਲ ਅਕਾਊਂਟ ਵਰਦਾਨ ਸਾਬਤ ਹੋ ਰਿਹੈ: ਸਿਵਲ ਸਰਜਨ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਮਈ
ਸਿਹਤ ਵਿਭਾਗ ਵੱਲੋਂ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਯੋਜਨਾ ਤਹਿਤ ਬਿਹਤਰੀਨ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਮਰੀਜ਼ਾਂ ਦਾ ਸਾਰਾ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਸਮੂਹ ਸਿਵਲ ਹਸਪਤਾਲਾਂ ਵਿੱਚ ਆਯੂਸ਼ਮਾਨ ਭਾਰਤ ਡਿਜੀਟਲ ਅਕਾਊਂਟ (ਆਭਾ) ਯੋਜਨਾ ਤਹਿਤ ਆਨਲਾਈਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਭਾ ਵਿੱਚ ਆਈਡੀ ਬਣਾਉਣ ਨਾਲ ਮਰੀਜ਼ ਨੂੰ ਇੱਕ ਤੋਂ ਦੂਸਰੇ ਹਸਪਤਾਲ ਵਿੱਚ ਇਲਾਜ ਕਰਵਾਉਣ ਸਮੇਂ ਕਿਸੇ ਤਰ੍ਹਾਂ ਦੇ ਕਾਗ਼ਜ਼ਾਤ ਜਿਵੇਂ ਮੈਡੀਕਲ ਰਿਪੋਰਟਾਂ, ਐਕਸਰੇ ਆਦਿ ਕੋਈ ਵੀ ਦਸਤਾਵੇਜ਼ ਨਾਲ ਚੁੱਕਣ ਦੀ ਜ਼ਰੂਰਤ ਨਹੀਂ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਭਾ ਆਈਡੀ ਬਣਾਉਣ, ਜੋ ਕਿ ਸਮੂਹ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਤਾਇਨਾਤ ਸਟਾਫ਼ ਵੱਲੋਂ ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਦੀ ਆਭਾ ਆਈਡੀ ਬਣਾਈ ਜਾ ਰਹੀ ਹੈ ਜਦੋਂਕਿ ਪਿੰਡਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਇਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਭਾ’ ਐਪ ਵੀ ਲਾਂਚ ਕੀਤਾ ਗਿਆ ਹੈ, ਜੋ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਦੇ ਪਲੇਅ ਸਟੋਰ ਵਿੱਚੋਂ ਡਾਊਨਲੋਡ ਕਰ ਕੇ ਆਪਣੀ ਆਈਡੀ ਬਣਾ ਸਕਦਾ ਹੈ।