ਆਮ ਲੋਕਾਂ ਦੀ ਪਾਰਟੀ ਹੈ ‘ਆਪ’: ਹਡਾਣਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜਨਵਰੀ
ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਅਤੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਦੇ ਨਵੇਂ ਬਣੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਡਿਪਟੀ ਮੇਅਰ ਜਗਦੀਪ ਜੱਗਾ ਸਮੇਤ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜ਼ੋਸਨ, ਦੇਵੀਗੜ੍ਹ ਨਗਰ ਪੰਚਾਇਤ ਦੀ ਪ੍ਰਧਾਨ ਸ਼ਿਵੰਦਰ ਕੌਰ ਧੰਜੂ, ਮੀਤ ਪ੍ਰਧਾਨ ਅਮਰਜੀਤ ਕੌਰ, ਘਨੌਰ ਨਗਰ ਪੰਚਾਇਤ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ ਅਤੇ ਘੱਗਾ ਨਗਰ ਪੰਚਾਇਤ ਦੇ ਪ੍ਰਧਾਨ ਮਿੱਠੂ ਸਿੰਘ ਸਮੇਤ ਇਨ੍ਹਾਂ ਸੰਸਥਾਵਾਂ ਦੇ ਹੀ ਨਵੇਂ ਹੋਰ ਅਹੁਦੇਦਾਰਾਂ ਦਾ ਸਨਮਾਨ ਕੀਤਾ। ਹਡਾਣਾ ਨੇ ਇਨ੍ਹਾਂ ਸ਼ਖ਼ਸੀਅਤਾਂ ਦਾ ਇਹ ਸਨਮਾਨ ਆਪਣੇ ਪਟਿਆਲਾ ਸਥਿਤ ਪੀਆਰਟੀਸੀ ਦੇ ਦਫਤਰ ਵਿੱਚ ਕੀਤਾ। ਹਡਾਣਾ ਦਾ ਕਹਿਣਾ ਸੀ ਕਿ ਇੱਕ ਟਕਸਾਲੀ ਵਰਕਰ ਕੁੰਦਨ ਗੋਗੀਆ ਨੂੰ ਮੇਅਰ ਅਤੇ ਪਰਦੀਪ ਜੋਸ਼ਨ ਨੂੰ ਸਨੌਰ ਦਾ ਪ੍ਰਧਾਨ ਬਣਾ ਕੇ ਪਾਰਟੀ ਨੇ ਦੱਸ ਦਿਤਾ ਹੈ ਕਿ ਇਹ ਆਮ ਲੋਕਾਂ ਦੀ ਪਾਰਟੀ ਹੈ ਜੋ ਆਪਣੇ ਸਾਧਾਰਨ ਵਰਕਰਾਂ ਨੂੰ ਵੱਕਾਰੀ ਅਹੁਦਿਆਂ ਤੱਕ ਪਹੁੰਚਾਉਣ ’ਚ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬਾਕੀ ਥਾਵਾਂ ’ਤੇ ਵੀ ਪਾਰਟੀ ਵੱਲੋਂ ਇਸੇ ਹੀ ਤਰ੍ਹਾਂ ‘ਆਪ’ ਦੇ ਵਾਲੰਟੀਅਰਾਂ ਨੂੰ ਹੀ ਅਜਿਹਾ ਮਾਣ ਸਨਮਾਨ ਦੇ ਕੇ ਅੱਗੇ ਲਿਆਂਦਾ ਹੈ। ਇਸ ਮੌਕੇ ਮੇਘ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਚੰਦ ਸ਼ੇਰ ਮਾਜਰਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਬਲਦੇਵ ਸਿੰੰਘ ਦੇਵੀਗੜ੍ਹ, ਅਰਵਿੰਦਰ ਸਿੰਘ, ਲਾਲੀ ਰਹਿਲ, ਵਿਕਰਮਜੀਤ ਸਿੰਘ ਰਮਨਜੋਤ ਸਿੰਘ, ਗੁਰਵਿੰਦਰ ਹੈਪੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜਾ ਧੰਜੂ ਸਰਪੰਚ, ਗੁਲਜ਼ਾਰ ਵਿਰਕ, ਜਤਿੰਦਰ ਝੰਡ ਤੇ ਹਰਪਿੰਦਰ ਚੀਮਾ ਆਦਿ ਮੌਜੂਦ ਸਨ।