ਆਮ ਆਦਮੀ ਕਲੀਨਿਕਾਂ ’ਚ ਇਲਾਜ ਕਰਾਉਂਦੇ ਨੇ ਵਿਧਾਇਕ: ਸਿਹਤ ਮੰਤਰੀ
ਕਿਸੇ ਕਿਸਾਨ ਦੀ ਬੁਢਾਪਾ ਪੈਨਸ਼ਨ ਨਹੀਂ ਕੱਟੀ: ਡਾ. ਬਲਜੀਤ ਕੌਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਨਵੰਬਰ
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੁੱਛੇ ਸਾਂਝੇ ਸੁਆਲ ਦੇ ਜੁਆਬ ਵਿਚ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਸੱਤਾਧਾਰੀ ਧਿਰ ਦੇ ਸਾਰੇ ਵਿਧਾਇਕ ਹੀ ਇਲਾਜ ਕਰਾਉਂਦੇ ਹਨ। ਉਨ੍ਹਾਂ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਕਿ ਉਹ ਵੀ ਆਮ ਆਦਮੀ ਕਲੀਨਿਕਾਂ ਦਾ ਫ਼ਾਇਦਾ ਲੈਣ। ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ 229 ਕਰੋੜ ਦੇ ਖ਼ਰਚੇ ਨਾਲ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ 664 ਆਮ ਆਦਮੀ ਕਲੀਨਿਕ ਬਣਾਏ ਹਨ ਜਿਨ੍ਹਾਂ ਵਿਚ 80 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਵੀ ਆਪਣਾ ਬੀਪੀ ਵਗ਼ੈਰਾ ਇਨ੍ਹਾਂ ਕਲੀਨਿਕਾਂ ਵਿਚ ਹੀ ਚੈੱਕ ਕਰਾਉਂਦੇ ਹਨ। ਇਨ੍ਹਾਂ ਕਲੀਨਿਕਾਂ ਕਰਕੇ ਕੋਈ ਹੋਰ ਸਿਹਤ ਕੇਂਦਰ ਪ੍ਰਭਾਵਿਤ ਨਹੀਂ ਹੋਇਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਨੂੰ ਇਹ ਪੁੱਛ ਕੇ ਕਸੂਤੀ ਸਥਿਤੀ ਵਿਚ ਪਾ ਦਿੱਤਾ ਕਿ ਕਾਦੀਆਂ ਹਲਕੇ ਵਿਚ ਕਿੰਨੇ ਆਮ ਆਦਮੀ ਕਲੀਨਿਕ ਬਣੇ ਹਨ। ਸਿਹਤ ਮੰਤਰੀ ਨੇ ਇਸ ਦਾ ਜੁਆਬ ਦੇਣ ਦੀ ਥਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ 35 ਆਮ ਆਦਮੀ ਕਲੀਨਿਕ ਬਣੇ ਹਨ। ਬਾਜਵਾ ਨੇ ਕਿਹਾ ਕਿ ਕਾਦੀਆਂ ਹਲਕੇ ’ਚ ਇੱਕ ਵੀ ਅਜਿਹਾ ਕਲੀਨਿਕ ਨਹੀਂ ਹੈ।
ਵਿਧਾਇਕ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਹਸਪਤਾਲ ਦੀ ਹੋਣੀ ਦਾ ਦੁੱਖ ਰੋਇਆ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਆਗਾਮੀ ਲੋਕ ਸਭਾ ਚੋਣਾਂ ਦਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹਰ ਹਲਕੇ ਵਿਚ ਐਕਸਰੇਅ ਮਸ਼ੀਨਾਂ ਆਦਿ ਨੂੰ ਚਾਲੂ ਕਰਵਾ ਦੇਣਗੇ। ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕੀਤੇ ਜਾਣ ਬਾਰੇ ਸੁਆਲ ਕੀਤਾ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਵਿੱਚ ਸਬ ਡਿਵੀਜ਼ਨਲ ਹਸਪਤਾਲ ਬਣਾਏ ਜਾਣ ਬਾਰੇ ਪੁੱਛਿਆ, ਜਿਸ ਦੇ ਜੁਆਬ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਕਮਿਊਨਿਟੀ ਹੈਲਥ ਸੈਂਟਰ ਵਿਚ ਬੈੱਡਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਕੰਮ ਰੋਕੂ ਮਤਾ ਵੀ ਰੱਖਿਆ ਜਿਸ ’ਤੇ ਕੋਈ ਸੁਣਵਾਈ ਨਹੀਂ ਹੋਈ। ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਗ਼ਰੀਬ ਲੋਕਾਂ ਨੂੰ ਦਿੱਤੇ ਜਾਂਦੇ ਕਰਜ਼ਿਆਂ ਅਤੇ ਬੁਢਾਪਾ ਪੈਨਸ਼ਨ ਵਿਚ ਵਾਧੇ ਬਾਰੇ ਸੁਆਲ ਰੱਖੇ। ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਤੋਂ ਫੂਲ ਕੌਮੀ ਸੜਕ ਮਾਰਗ ਦੀ ਮੁਰੰਮਤ ਬਾਰੇ ਸੁਆਲ ਕੀਤਾ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਸੁਆਲ ਦੇ ਜੁਆਬ ਵਿਚ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਕਿਸਾਨ ਦੀ ਬੁਢਾਪਾ ਪੈਨਸ਼ਨ ਜੇ-ਫਾਰਮ ਕਰਕੇ ਨਹੀਂ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਰ੍ਹਾ 2022-23 ਦੌਰਾਨ 90,248 ਅਤੇ ਸਾਲ 2023-24 ਦੌਰਾਨ 37,138 ਬੁਢਾਪਾ ਪੈਨਸ਼ਨਾਂ ਰੱਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ 3,047 ਐੱਨਆਰਆਈਜ਼ ਦੀਆਂ ਬੁਢਾਪਾ ਪੈਨਸ਼ਨਾਂ ਕੱਟੀਆਂ ਗਈਆਂ ਹਨ। ਵਿਧਾਇਕ ਅਵਤਾਰ ਸਿੰਘ ਨੇ ਬੁਢਾਪਾ ਪੈਨਸ਼ਨ ਲਈ ਆਮਦਨ ਹੱਦ ਵਿਚ ਵਾਧੇ ਦੀ ਮੰਗ ਰੱਖੀ।
ਬੱਕਰੀ ਤੇ ਮੁਰਗੀ ਦਾ ਕਿੰਨਾ ਮੁਆਵਜ਼ਾ ਦਿੱਤਾ?
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਸ਼ਨ ਕਾਲ ਦੌਰਾਨ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਸੁਆਲ ਦਰਮਿਆਨ ਕਿਹਾ ਕਿ ਮਾਲ ਮੰਤਰੀ ਦੱਸਣ ਕਿ ਹੁਣ ਤੱਕ ਸੂਬੇ ’ਚ ਕਿੰਨੀਆਂ ਬੱਕਰੀਆਂ ਅਤੇ ਮੁਰਗੀਆਂ ਦਾ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਤਾਂ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ 17 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਗਿਆ ਸੀ। ਅਸਲ ਵਿਚ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ਬਾਰੇ ਸੁਆਲ ਪੁੱਛਿਆ ਸੀ, ਜਿਸ ਦੇ ਜੁਆਬ ਵਿਚ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ।