ਅਮੀਆ ਕੁੰਵਰ ਦੀ ਪੁਸਤਕ ‘ਇਮਰੋਜ਼ਨਾਮਾ’ ਲੋਕ ਅਰਪਣ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਦਸੰਬਰ
ਸਮਾਜਸੇਵੀ ਜਥੇਬੰਦੀ ‘ਹਮਸ਼ੀਰਾ’ ਵੱਲੋਂ ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾਉਣ ਵਾਲੇ ਚਿੱਤਰਕਾਰ ਇਮਰੋਜ਼ ਦੀ ਪਹਿਲੀ ਬਰਸੀ ਨੂੰ ਸਮਰਪਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਦੇ ਜੀਵਨ ਸਬੰਧਾਂ ਬਾਰੇ ਅਮੀਆ ਕੁੰਵਰ ਵੱਲੋਂ ਲਿਖੀ ਪੁਸਤਕ ‘ਇਮਰੋਜ਼ਨਾਮਾ’ ਲੋਕ ਅਰਪਣ ਕੀਤੀ ਗਈ ਹੈ। ਇਸ ਮੌਕੇ ਡਾ. ਮਨਮੋਹਨ ਸਿੰਘ, ਡਾ. ਕੰਵਲਜੀਤ ਢਿੱਲੋਂ, ਪਾਲ ਕੌਰ, ਸੁਰਿੰਦਰ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਲੇਖਕ ਤੇ ਬੁੱਧੀਜੀਵੀ ਮੌਜੂਦ ਰਹੇ।
ਡਾ. ਮਨਮੋਹਨ ਨੇ ਇਮਰੋਜ਼ ਵੱਲੋਂ ਜ਼ਿੰਦਗੀ ਵਿੱਚ ਕੀਤੀ ਗਈ ਮਿਹਨਤ ਬਾਰੇ ਚਾਨਣਾ ਪਇਆ। ਉਨ੍ਹਾਂ ਕਿਹਾ ਕਿ ਇਮਰੋਜ਼ ਸਾਧਾਰਨ ਵਿਅਕਤੀ ਸੀ, ਜੋ ਕਿ ਹਮੇਸ਼ਾ ਹੀ ਜ਼ਿੰਦਗੀ ਵਿੱਚ ਨਰਮ ਸੁਭਾਅ ਨਾਲ ਸਭ ਦਾ ਦਿਲ ਜਿੱਤਦਾ ਰਿਹਾ ਹੈ। ਡਾ. ਮਨਮੋਹਨ ਨੇ ਪੁਸਤਕ ਵਿੱਚ ਇਮਰੋਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਿਖੇ ਵੱਖ-ਵੱਖ ਲੇਖਾਂ ਬਾਰੇ ਵੀ ਚਾਨਣਾ ਪਾਇਆ ਅਤੇ ਇਮਰੋਜ਼ ਨਾਲ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ। ਡਾ. ਕੰਵਲਜੀਤ ਕੌਰ ਢਿੱਲੋਂ ਨੇ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਦੇ ਵੱਖ-ਵੱਖ ਕਾਰਨਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਇਮਰੋਜ਼ ਦੀ ਮੌਤ ਤੋਂ ਬਾਅਦ ਉਸ ਦੀ ਜ਼ਿੰਦਗੀ ਬਾਰੇ ਵਧੇਰੇ ਕੂੜ ਪ੍ਰਚਾਰ ਕੀਤਾ ਗਿਆ ਹੈ। ਇਹ ਪੁਸਤਕ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਚਾਨਣਾ ਦੇਣ ਵਾਸਤੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਮਾਜ ਵਿੱਚ ਕੁਝ ਲੋਕ ਮਰਦ ਪ੍ਰਧਾਨ ਸੋਚ ਵਾਂਗ ਸੋਚਦੇ ਹਨ ਪਰ ਅੱਜ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਹੈ ਅਤੇ ਉਹ ਵੀ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀ ਸਕਦੀਆਂ ਹਨ। ਸਮਾਗਮ ਦੀ ਸ਼ੁਰੂਆਤ ਵਿੱਚ ਅਮਰਜੀਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਬਾਰੇ ਚਾਨਣਾ ਪਾਇਆ। ਲੇਖਕ ਅਮੀਆ ਕੁੰਵਰ ਨੇ ਕਿਹਾ ਕਿ ਇਮਰੋਜ਼ ਇਕ ਇਮਾਨਦਾਰ ਬੰਦਾ ਸੀ। ਸੀਮਤ ਸਾਧਨਾਂ ਵਾਲਾ ਉਹ ਬੰਦਾ ਫਕੀਰ ਵਾਂਗ ਰਹਿੰਦਾ ਸੀ। ਇਸ ਮੌਕੇ ਵੱਖ-ਵੱਖ ਲੇਖਕਾਂ ਨੇ ਅੰਮ੍ਰਿਤਾ-ਪ੍ਰੀਤਮ ਤੇ ਇਮਰੋਜ਼ ਬਾਰੇ ਵਿਚਾਰ ਸਾਂਝੇ ਕੀਤੇ।