ਟ੍ਰਿਬਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 23 ਦਸੰਬਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਹਿਰੀ ਖੇਤਰ ਵਿੱਚ ਸਭ ਤੋਂ ਵੱਧ ਵੋਟ ਹਾਸਲ ਕਰਨ ਵਾਲੀ ਪਾਰਟੀ ਬਣ ਗਈ ਹੈ।ਹਾਲ ਹੀ ਵਿੱਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਲਈ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਬਦੌਲਤ ਪਾਰਟੀ ਸ਼ਹਿਰੀ ਖੇਤਰ ਵਿੱਚ ਸਭ ਤੋਂ ਵੱਧ ਵੋਟ ਹਾਸਲ ਕਰਨ ਵਾਲੀ ਪਾਰਟੀ ਬਣੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 55 ਫੀਸਦੀ ਤੋਂ ਵੱਧ ਸੀਟਾਂ ਜਿੱਤੀਆਂ ਹਨ ਜਦਕਿ ਬਾਕੀ ਸਾਰੀਆਂ ਪਾਰਟੀਆਂ ਮਿਲ ਕੇ 45 ਫੀਸਦੀ ਸੀਟਾਂ ਲੈਣ ਵਿੱਚ ਕਾਮਯਾਬ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਐਲਾਨੇ ਗਏ ਨਤੀਜੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਅਟੁੱਟ ਭਰੋਸਾ ਕੀਤਾ ਹੈ ਅਤੇ ਇਹ ਨਤੀਜੇ ਇਹ ਵੀ ਸਾਬਤ ਕਰਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਨਗਰ ਨਿਗਮ ਸਮੇਤ ਕਈ ਨਗਰ ਕੌਂਸਲਾਂ ਦੇ ਨਤੀਜੇ ਇੱਕਤਰਫਾ ਹੀ ਆਏ ਹਨ ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਉਨ੍ਹਾਂ ਦੇ ਭਰੋਸੇ ਉੱਤੇ ਪਾਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਦਾ ਕੋਈ ਮੇਅਰ ਜਾਂ ਨਗਰ ਕੌਂਸਲ ਪ੍ਰਧਾਨ ਨਹੀਂ ਸੀ ਜਦਕਿ ਹੁਣ ਵੱਡੇ ਸ਼ਹਿਰਾਂ ਵਿੱਚ ਮੇਅਰ ਅਤੇ ਨਗਰ ਕੌਂਸਲਾਂ ਵਿੱਚ ਕਮੇਟੀਆਂ ਦੇ ਬਹੁਤੇ ਪ੍ਰਧਾਨ ‘ਆਪ’ ਦੇ ਬਣਨੇ ਹਨ, ਜੋ ਪਾਰਟੀ ਵਰਕਰਾਂ ਲਈ ਵੱਡੇ ਮਾਣ ਵਾਲੀ ਗੱਲ ਹੈ।