'ਆਪ' ਸਰਕਾਰ ਨੇ ਸਿੱਖਿਆ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ: ਸੇਖੋਂ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ 24 ਮਈ
ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨੂੰ 6 ਕਰੋੜ ਤੋਂ ਵੱਧ ਦੀਆਂ ਗਰਾਂਟਾਂ ਤਕਸੀਮ ਕਰਨ ਤੋਂ ਬਾਅਦ ਅੱਜ ਇੱਥੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਿੱਖਿਆ ਢਾਂਚੇ ਅਤੇ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ। ਵਿਧਾਇਕ ਨੇ ਕਿਹਾ ਕਿ ਇਸੇ ਸਾਲ ਪੰਜ ਮਹੀਨਿਆਂ ਵਿੱਚ ਪੰਜਾਬ ਸਰਕਾਰ ਨੇ ਫਰੀਦਕੋਟ ਜ਼ਿਲ੍ਹੇ ਦੇ 200 ਤੋਂ ਵੱਧ ਸਕੂਲਾਂ ਨੂੰ 9 ਕਰੋੜ ਰੁਪਏ ਦੀ ਗਰਾਂਟ ਤਕਸੀਮ ਕੀਤੀ ਹੈ ਜਦੋਂ ਕਿ ਇਸੇ ਮਹੀਨੇ ਛੇ ਕਰੋੜ ਰੁਪਏ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਤਕਸੀਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਨਤੀਜਿਆਂ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਵੱਧ ਅਸਰਦਾਇਕ ਹਨ। ਵਿਧਾਇਕ ਨੇ ਕਿਹਾ ਕਿ ਸਕੂਲਾਂ ਦੇ ਨਾਲ-ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਕਾਲਜਾਂ, ਆਈਟੀਆਈ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਖੇਡ ਸਮੱਗਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਖੇਡ ਮੈਦਾਨਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਖੇਡਾਂ ਅਤੇ ਪੜ੍ਹਾਈ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੰਡ ਸਾਹਿਬ ਕਸਬੇ ਵਿੱਚ ਪੰਜਾਬ ਸਰਕਾਰ ਵੱਲੋਂ 15 ਕਰੋੜ ਦੀ ਲਾਗਤ ਨਾਲ ਸਪੋਰਟਸ ਸਕੂਲ ਦੀ ਵੀ ਉਸਾਰੀ ਕੀਤੀ ਜਾ ਰਹੀ ਹੈ ਜੋ ਮਾਲਵੇ ਵਿੱਚ ਨੌਜਵਾਨਾਂ ਲਈ ਵੱਡਾ ਵਰਦਾਨ ਸਾਬਤ ਹੋਵੇਗਾ।