‘ਆਪ’ ਵੱਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਵਿੱਚ ਫੇਰ-ਬਦਲ
ਚੰਡੀਗੜ੍ਹ (ਆਤਿਸ਼ ਗੁਪਤਾ): ਆਮ ਆਦਮੀ ਪਾਰਟੀ (ਆਪ) ਨੇ ਆਪਣੇ ਜਥੇਬੰਦਕ ਢਾਂਚੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਫੇਰਬਦਲ ਕਰਦਿਆਂ ਪੰਜ ਸੂਬਾਈ ਮੀਤ ਪ੍ਰਧਾਨਾਂ, ਚਾਰ ਜਨਰਲ ਸਕੱਤਰਾਂ, 13 ਲੋਕ ਸਭਾ ਇੰਚਾਰਜਾਂ, 27 ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਹ ਐਲਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤਾ ਗਿਆ ਹੈ। ਪਾਰਟੀ ਨੇ ਜਥੇਬੰਧਕ ਢਾਂਚੇ ਵਿੱਚ ਕੀਤੇ ਫੇਰਬਦਲ ਵਿੱਚ ਔਰਤਾਂ ਤੇ ਸਮਾਜਿਕ ਤੌਰ ’ਤੇ ਪੱਛੜੇ ਵਰਗਾਂ ਨੂੰ ਜਗ੍ਹਾ ਦਿੱਤੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਪੁਰਾਣੇ ਤੇ ਵਫ਼ਾਦਾਰ ਵਰਕਰਾਂ ਨੂੰ ਵੀ ਥਾਂ ਦਿੱਤੀ ਗਈ ਹੈ।‘ਆਪ’ ਨੇ ਪਾਰਟੀ ਦੇ ਚਾਰ ਵਿਧਾਇਕਾਂ ਮਨਜਿੰਦਰ ਸਿੰਘ ਲਾਲਪੁਰਾ, ਅਮਨਦੀਪ ਕੌਰ, ਚਰਨਜੀਤ ਸਿੰਘ ਅਤੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਹੈ, ਜਦਕਿ ਅਕਾਲੀ ਦਲ ’ਚੋਂ ਪਾਰਟੀ ’ਚ ਸ਼ਾਮਲ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਵੀ ਸੂਬਾਈ ਮੀਤ ਪ੍ਰਧਾਨ ਬਣਾਇਆ ਗਿਆ ਹੈ। ਡਾ. ਸੁੱਖੀ ਪਿਛਲੇ ਸਾਲ ‘ਆਪ’ ਵਿੱਚ ਸ਼ਾਮਲ ਹੋਏ ਸਨ, ਪਰ ਉਨ੍ਹਾਂ ਵਿਧਾਇਕ ਵਜੋਂ ਅਸਤੀਫਾ ਨਹੀਂ ਦਿੱਤਾ ਹੈ ਅਤੇ ਤਕਨੀਕੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣੇ ਹੋਏ ਹਨ। ਇਸੇ ਤਰ੍ਹਾਂ ਹਰੰਚਦ ਸਿੰਘ ਬਰਸਟ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਦੀਪਕ ਬਾਲੀ ਅਤੇ ਡਾ. ਸੰਨੀ ਸਿੰਘ ਆਹਲੂਵਾਲੀਆ ਨੂੰ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸੰਦੀਪ ਸੈਣੀ, ਗੁਰਦੇਵ ਸਿੰਘ ਲਖਾਣਾ, ਨਵਜੋਤ ਸਿੰਘ ਜਰਗ, ਰਣਜੋਧ ਸਿੰਘ ਹਡਾਣਾ ਅਤੇ ਇੰਦਰਜੀਤ ਸਿੰਘ ਮਾਨ ਨੂੰ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ।
ਪਾਰਟੀ ਨੇ ਕਰਮਜੀਤ ਕੌਰ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਰਮਣੀਕ ਸਿੰਘ ਲੱਕੀ ਰੰਧਾਵਾ ਨੂੰ ਜਲੰਧਰ, ਜਸਕਰਨ ਬਦੇਸ਼ਾ ਨੂੰ ਅੰਮ੍ਰਿਤਸਰ, ਰਾਜੀਵ ਸ਼ਰਮਾ ਨੂੰ ਗੁਰਦਾਸਪੁਰ, ਰਣਜੀਤ ਚੀਮਾ ਨੂੰ ਖਡੂਰ ਸਾਹਿਬ, ਸੁਖਜਿੰਦਰ ਸਿੰਘ ਨੂੰ ਫ਼ਰੀਦਕੋਟ, ਪ੍ਰਦੀਪ ਖ਼ਾਲਸਾ ਨੂੰ ਫ਼ਤਹਿਗੜ੍ਹ ਸਾਹਿਬ, ਸ਼ਰਨਪਾਲ ਸਿੰਘ ਮੱਕੜ ਨੂੰ ਲੁਧਿਆਣਾ, ਕੁਲਜੀਤ ਸਰਹਾਲ ਨੂੰ ਆਨੰਦਪੁਰ ਸਾਹਿਬ, ਬਲਜਿੰਦਰ ਢਿੱਲੋਂ ਨੂੰ ਪਟਿਆਲਾ, ਗੁਰਮੇਲ ਸਿੰਘ ਘਰਾਚੋਂ ਨੂੰ ਸੰਗਰੂਰ, ਨਵਦੀਪ ਸਿੰਘ ਨੂੰ ਬਠਿੰਡਾ ਤੇ ਜਗਦੇਵ ਸਿੰਘ ਬਾਮ ਨੂੰ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦਾ ਇੰਚਾਰਜ ਲਗਾਇਆ ਹੈ। ਪਾਰਟੀ ਨੇ ਪੰਜਾਬ ਵਿੱਚ 27 ਜ਼ਿਲ੍ਹਾਂ ਪ੍ਰਧਾਨ ਤੇ ਜ਼ਿਲ੍ਹਾ ਸਕੱਤਰਾਂ ਦਾ ਐਲਾਨ ਕੀਤਾ ਹੈ।
‘ਆਪ’ ਨੇ ਮਿਸ਼ਨ 2027 ਦੀ ਸ਼ੁਰੂਆਤ ਕੀਤੀ: ਸਿਸੋਦੀਆ
‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਬੂਥ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਐਲਾਨ ਦੇ ਨਾਲ ਹੀ ਪਾਰਟੀ ਨੇ ਮਿਸ਼ਨ 2027 ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਹੁਣ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ, ਇਹ ਇੱਕ ਲੋਕ ਲਹਿਰ ਹੈ। ਪਾਰਟੀ ਦਾ ਹਰ ਨਵਾਂ ਅਹੁਦੇਦਾਰ ਹੁਣ ਸਿਰਫ਼ ਇੱਕ ਮੌਜੂਦਾ ਆਗੂ ਨਹੀਂ ਰਹੇਗਾ ਸਗੋਂ ‘ਲੋਕਾਂ ਤੇ ਸਰਕਾਰ ਵਿਚਕਾਰ ‘ਪੁਲ’ ਦੀ ਭੂਮਿਕਾ ਨਿਭਾਏਗਾ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਅਹੁਦੇਦਾਰਾਂ ਨੂੰ ਲੋਕਾਂ ਵਿੱਚ ਜਾਣ ਅਤੇ ਲੋਕ ਸੇਵਾ ਵਿੱਚ ਜੁਟਣ ਦਾ ਸੱਦਾ ਦਿੱਤਾ।