‘ਆਪ’ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਮਹੀਨਾਵਾਰ ਮੀਟਿੰਗਾਂ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਲੜੀ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਤੋਂ ਦਿੱਲੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਇੱਕ ਮਹੀਨਾਵਾਰ ਵਰਕਰ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਪ੍ਰੋਗਰਾਮ ਦੇ ਤਹਿਤ, ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਵਰਕਰਾਂ ਦੀ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਕਿਉਂਕਿ ਜੂਨ ਮਹੀਨੇ ਦਾ ਪਹਿਲਾ ਐਤਵਾਰ ਅੱਜ ਹੈ, ਇਸ ਲਈ ਅੱਜ ਦਿੱਲੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਨ੍ਹਾਂ ਸਾਰੀਆਂ ਵਿਧਾਨ ਸਭਾ ਮੀਟਿੰਗਾਂ ਵਿੱਚ ਵਿਧਾਨ ਸਭਾ ਪੱਧਰ ਦੇ ਅਹੁਦੇਦਾਰਾਂ, ਵਾਰਡ ਪੱਧਰ ਦੇ ਆਗੂਆਂ, ਮੰਡਲ ਪੱਧਰ ਦੇ ਅਤੇ ਸਾਰੇ ਫਰੰਟਲ ਅਤੇ ਵਿੰਗ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਵਿਧਾਨ ਸਭਾ ਦੇ ਸਾਰੇ ਵਰਕਰਾਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ਬਾਰੇ ਵਰਕਰਾਂ ਤੋਂ ਬਹੁਤ ਸਾਰੇ ਸੁਝਾਅ ਵੀ ਪ੍ਰਾਪਤ ਹੋਏ।
ਕਈ ਥਾਵਾਂ ਉੱਪਰ ਵਰਕਰਾਂ ਨੇ ਆਗੂਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਦੋਸ਼ ਲਾਏ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੇ ਵਿਧਾਨ ਸਭਾ ਵਿੱਚ ਦੋ ਵਾਰ ਦੀ ਲਗਾਤਾਰ ਜਿੱਤ ਮਗਰੋਂ ਵਰਕਰਾਂ ਨੂੰ ਜਿਵੇਂ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਸੀ, ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਕਈ ਇਲਾਕਿਆਂ ਵਿੱਚ ਇਹ ਮੀਟਿੰਗਾਂ ਰਸਮ ਬਣ ਕੇ ਰਹਿ ਗਈਆਂ। ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਭਾਜਪਾ ਆਪਣਾ ਦਬਦਬਾ ਬਣਾ ਚੁੱਕੀ ਹੈ, ਉਥੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਮੋਸ਼ੀ ਝੱਲਣੀ ਪਈ।
ਅੱਜ ਹੋਈਆਂ ਇਨ੍ਹਾਂ ਮੀਟਿੰਗਾਂ ਵਿੱਚ ਭਾਜਪਾ ਨੂੰ ਭੰਡਣ ਉਪਰ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਭਾਜਪਾ ਸ਼ਾਸਿਤ ਦਿੱਲੀ ਸਰਕਾਰ ਦੇ ਪਿਛਲੇ 100 ਦਿਨਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ, ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਤੋਂ ਮੂੰਹ ਮੋੜ ਲਿਆ ਹੈ ਅਤੇ ਦਿੱਲੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਇਨ੍ਹਾਂ ਸਾਰੇ ਮੁੱਦਿਆਂ 'ਤੇ ਵੀ ਡੂੰਘਾਈ ਨਾਲ ਚਰਚਾ ਕੀਤੀ ਗਈ। ਅੱਜ ਦਿੱਲੀ ਦੇ ਹਾਲਾਤ ਅਜਿਹੇ ਹਨ ਕਿ ਦਿੱਲੀ ਵਿੱਚ ਕਈ ਘੰਟਿਆਂ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਇੰਨੀ ਤੇਜ਼ ਗਰਮੀ ਵਿੱਚ ਲੋਕ ਪਾਣੀ ਦੀ ਹਰ ਬੂੰਦ ਲਈ ਤਰਸ ਰਹੇ ਹਨ। ਕਈ ਥਾਵਾਂ 'ਤੇ, ਲੋਕ ਪਾਣੀ ਦੀ ਘਾਟ ਨੂੰ ਲੈ ਕੇ ਭਾਜਪਾ ਸ਼ਾਸਿਤ ਦਿੱਲੀ ਸਰਕਾਰ ਵਿਰੁੱਧ ਭਾਂਡੇ ਤੋੜ ਰਹੇ ਹਨ ਅਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਇਨ੍ਹਾਂ ਮਾਸਿਕ ਵਰਕਰ ਮੀਟਿੰਗਾਂ ਵਿੱਚ, ਸਾਰੀਆਂ ਅਸੈਂਬਲੀਆਂ ਵਿੱਚ ਚਰਚਾ ਲਈ ਇੱਕ ਸਾਂਝਾ ਮੁੱਦਾ ਹੈ। ਜਿਸ 'ਤੇ ਸਾਰੀਆਂ ਅਸੈਂਬਲੀਆਂ ਦੇ ਵਰਕਰ ਆਪਣੀਆਂ-ਆਪਣੀਆਂ ਅਸੈਂਬਲੀਆਂ ਵਿੱਚ ਚਰਚਾ ਕਰਦੇ ਹਨ। ਅੱਜ ਹੋਈਆਂ ਮੀਟਿੰਗਾਂ ਦਾ ਮੁੱਦਾ ਭਾਰਤ-ਪਾਕਿਸਤਾਨ ਜੰਗ ਦੌਰਾਨ ਜੰਗਬੰਦੀ ਸੀ। ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਚੱਲ ਰਹੀ ਸੀ, ਭਾਰਤੀ ਫੌਜ ਆਪਣੀ ਤਾਕਤ ਸਾਬਤ ਕਰ ਰਹੀ ਸੀ, ਭਾਰਤ ਜਿੱਤ ਰਿਹਾ ਸੀ, ਪਾਕਿਸਤਾਨ ਲਗਾਤਾਰ ਹਾਰ ਰਿਹਾ ਸੀ, ਅਜਿਹੀ ਸਥਿਤੀ ਵਿੱਚ ਭਾਰਤ ਕੋਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਦਾ ਸੁਨਹਿਰੀ ਮੌਕਾ ਸੀ।