‘ਆਪ’ ਨੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ: ਲੋਹਗੜ੍ਹ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਦਸੰਬਰ
ਮੋਗਾ ਜ਼ਿਲ੍ਹੇ ਦੀ ਧਰਮਕੋਟ, ਬਾਘਾਪੁਰਾਣਾ ਨਗਰ ਕੌਂਸਲ ਅਤੇ ਫ਼ਤਿਹਗੜ੍ਹ ਪੰਜਤੂਰ ਨਗਰ ਪੰਚਾਇਤ ਵਿਚ ਵਿਰੋਧੀ ਸਿਆਸੀ ਧਿਰਾਂ ਦਾ ਕੋਈ ਉਮੀਦਵਾਰ ਨਹੀਂ ਰਿਹਾ। ਇਥੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪ੍ਰੈੱਸ ਕਾਨਫਰੰਸ ਵਿੱਚ ਕੌਂਸਲ ਚੋਣਾਂ ਖਾਸ ਕਰ ਕੇ ਮੋਗਾ ਜ਼ਿਲ੍ਹੇ ਵਿਚ ‘ਆਪ’ ਉੱਤੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਮਾਣਯੋਗ ਹਾਈ ਕੋਰਟ ਵੱਲੋਂ ਦਿੱਤੇ ਸੁਰੱਖਿਆ ਪ੍ਰਬੰਧਾਂ ਹੇਠ ਨਾਮਜ਼ਦਗੀਆਂ ਦਾਖਲ ਕਰਨ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਹੋਈ ਅਤੇ ਨਿਯਮਾਂ ਨੂੰ ਦਰ ਕਿਨਾਰ ਕਰਕੇ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਲੋਕਤੰਤਰ ਦੀ ਮਰਿਆਦਾ ਨੂੰ ਢਾਹ ਲਾਉਣ ਦਾ ਬਹੁਤ ਹੀ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ‘ਆਪ’ਦਾ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਪੰਚਾਇਤੀ ਤੇ ਕੌਂਸਲ ਚੋਣਾਂ ਵਿੱਚ ਧੱਕੇਸ਼ਾਹੀ ਦਾ ਮਿਲਿਆ ਹੈ। ਇਤਿਹਾਸ ਵਿੱਚ ਪਹਿਲਾ ਮੌਕਾ ਹੈ ਜਦੋਂ ਇਥੇ ਧਰਮਕੋਟ, ਬਾਘਾਪੁਰਾਣਾ ਤੇ ਫ਼ਤਿਹਗੜ੍ਹ ਪੰਜਤੂਰ ਕੌਂਸਲ ਚੋਣਾਂ ਵਿਚ ਸਿਰਫ਼ ਹਾਕਮ ਧਿਰ ਦੇ ਉਮੀਦਵਾਰ ਹੀ ਮੈਦਾਨ ਵਿਚ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਨੇ ਚੋਣ ਅਧਿਕਾਰੀਆਂ ਨਾਲ ਗੁਪਤ ਗੱਠਜੋੜ ‘ਕਰਕੇ ਵਿਰੋਧੀ ਧਿਰਾਂ ਅਕਾਲੀ, ਕਾਂਗਰਸ ਤੇ ਭਾਜਪਾ ਨੂੰ ਕੌਂਸਲ ਚੋਣਾਂ ਦੀ ਦੌੜ ’ਚੋਂ ਬਾਹਰ ਰੱਖਣ ਲਈ ‘ਗੁਪਤ ਸਮਝੌਤਾ’ ਕੀਤਾ ਅਤੇ ਜਾਣਬੁੱਝ ਕੇ ‘ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦਾਖ਼ਲ ਨਹੀਂ ਕੀਤੀਆਂ ਜੋ ਕੁਝ ਵਾਰਡਾਂ ਵਿੱਚ ਹੋਈਆਂ ਉਹ ਰੱਦ ਕਰਵਾ ਦਿੱਤੀਆਂ ਗਈਆਂ। ਇਸ ਮੌਕੇ ਹੋਰ ਕਾਂਗਰਸ ਆਗੂ ਵੀ ਮੌਜੂਦ ਸਨ।