‘ਆਪ’ ਖ਼ਿਲਾਫ਼ ਬਸਪਾ ਦਾ ਅੰਦੋਲਨ ਜਨਤਕ ਲਹਿਰ ਬਣਿਆ: ਕਰੀਮਪੁਰੀ
ਫਗਵਾੜਾ, 1 ਜੂਨ
ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹਿਰ ਦੇ ਵਾਰਡ ਨੰਬਰ 25 ਤੋਂ ਪਾਰਟੀ ਦੀ ਕੌਂਸਲਰ ਅਮਨਦੀਪ ਕੌਰ ਦੀ ਜਿੱਤ ਸਬੰਧੀ ਮੁਹੱਲਾ ਸ਼ਾਮ ਨਗਰ ਤੇ ਕੌਲਸਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਨ ਲਈ ਸਮਾਗਮ ਕੀਤਾ ਗਿਆ। ਇਸ ਦੌਰਾਨ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਤੇ ਇੰਚਾਰਜ ਜੰਮੂ ਕਸ਼ਮੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਸਮੂਹ ਵੋਟਰਾਂ ਤੇ ਸਪੋਰਟਰਾਂ ਦਾ ਬਸਪਾ ਉਮੀਦਵਾਰ ਨੂੰ ਜਿਤਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਸਪਾ ਕੌਂਸਲਰ ਵਲੋਂ ਵਾਰਡ ਵਾਸੀਆਂ ਦੇ ਨਾਲ ਕੀਤੇ ਵਿਕਾਸ ਸਬੰਧੀ ਸਾਰੇ ਵਾਅਦੇ ਪੂਰੇ ਕਰਵਾਏ ਜਾਣਗੇ। ਉਨ੍ਹਾਂ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਖੋਖਲੇ ਦਾਅਵਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੀ ਜਾਣਕਾਰੀ ਵੀ ਪਾਰਟੀ ਵਰਕਰਾਂ ਨਾਲ ਸਾਂਝੀ ਕੀਤੀ।
ਪੰਜਾਬ ਪ੍ਰਧਾਨ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਪੰਜਾਬ ਭਰ ’ਚ 15 ਮਾਰਚ ਤੋਂ ਜੋ ਸਰਕਾਰ ਵਿਰੋਧੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਹ ਹੁਣ ਜਨਤਕ ਲਹਿਰ ਬਣ ਚੁੱਕਾ ਹੈ ਕਿਉਂਕਿ ਬਸਪਾ ਵੱਲੋਂ ਚਿੱਟੇ ਸਮੇਤ ਹੋਰ ਨਸ਼ਿਆਂ, ਐਜੂਕੇਸ਼ਨ ਐਕਟ ਖ਼ਿਲਾਫ਼, ਭਾਂਤ-ਭਾਂਤ ਦੇ ਮਾਫੀਆ ਦੀ ਸਰਗਰਮੀ, ਗੁੰਡਾਗਰਦੀ, ਵਿਗੜਦੀ ਕਾਨੂੰਨ ਵਿਵਸਥਾ ਸਬੰਧੀ ਜੋ ਮੁੱਦੇ ਚੁੱਕੇ ਹਨ, ਉਹ ਸਿਆਸੀ ਨਹੀਂ ਸਗੋਂ ਆਮ ਜਨਤਾ ਨਾਲ ਸਬੰਧਤ ਮੁੱਦੇ ਹਨ।
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਤੋਂ ਮੁੱਕਰ ਚੁੱਕੀ ਹੈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਅਤੇ ਇੰਚਾਰਜ ਫਗਵਾੜਾ ਮਾਸਟਰ ਹਰਭਜਨ ਬਲਾਲੋਂ, ਪਰਵੀਨ ਬੰਗਾ, ਲੇਖਰਾਜ ਜਮਾਲਪੁਰ ਇੰਚਾਰਜ ਜਿਲ੍ਹਾ ਕਪੂਰਥਲਾ, ਪਰਮਜੀਤ ਖਲਵਾੜਾ, ਗੁਰਦਿੱਤਾ ਬੰਗੜ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਹਲਕਾ ਪ੍ਰਧਾਨ ਅਤੇ ਕੌਂਸਲਰ ਚਿਰੰਜੀ ਲਾਲ ਕਾਲਾ, ਸੀਨੀਅਰ ਆਗੂ ਅਸ਼ੋਕ ਸੰਧੂ, ਮੁਖਤਿਆਰ ਮਹਿਮੀ, ਬੰਟੀ ਮੋਰਾਂਵਾਲੀਆ, ਸੰਦੀਪ ਕੌਲਸਰ ਸਣੇ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।