ਆਪਸੀ ਮਤਭੇਦ ਭੁੱਲ ਕੇ ਹਿੰਦੂ ਸਮਾਜ ਤੇ ਦੇਸ਼ ਇਕਜੁੱਟ ਰਹਿ ਸਕਦੈ: ਭਾਗਵਤ
ਹਮੀਰਪੁਰ, 17 ਜੂਨ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਲੋਕ ਆਪਸੀ ਮਤਭੇਦ ਭੁੱਲ ਜਾਣ ਤਾਂ ਹਿੰਦੂ ਸਮਾਜ ਅਤੇ ਦੇਸ਼ ਇਕਜੁੱਟ ਰਹਿ ਸਕਦਾ ਹੈ। ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਟਿੱਪਰ ਪਿੰਡ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ, ‘ਹਿੰਦੂ ਧਰਮ, ਹਿੰਦੂ ਸਮਾਜ ਅਤੇ ਹਿੰਦੂ ਸੱਭਿਆਚਾਰ ਦੀ ਰਾਖੀ ਕਰਨਾ ਸਾਡਾ ਫਰਜ਼ ਹੈ।’ ਆਰਐੱਸਐੱਸ ਵਾਲੰਟੀਅਰਾਂ ਦੇ ਉੱਤਰੀ ਜ਼ੋਨ ਵਿਕਾਸ ਕੈਂਪ ਵਿੱਚ ਹਿੱਸਾ ਲੈਣ ਲਈ ਉਹ ਚਾਰ ਰੋਜ਼ਾ ਦੇ ਦੌਰੇ ’ਤੇ ਇੱਥੇ ਹਨ। ਵਾਲੰਟੀਅਰਾਂ ਨੂੰ ਭਾਗਵਤ ਨੇ ਕਿਹਾ, ‘ਸੰਘ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰਨ ਵਾਲਾ ਹੈ। ਸੌ ਸਾਲ ਪਹਿਲਾਂ ਸੰਘ ਦੇ ਵਿਚਾਰ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ। ਇਸ ਨੂੰ ਅਣਗੌਲਿਆਂ ਕੀਤਾ ਗਿਆ ਸੀ ਪਰ ਫਿਰ ਵੀ ਇਹ ਕੰਮ ਕਰਦਾ ਰਿਹਾ। ਹੁਣ ਸਮਾਜ ਨੇ ਸੰਘ ਦੀ ਵਿਚਾਰਧਾਰਾ ਨੂੰ ਸਵੀਕਾਰ ਕਰ ਲਿਆ ਹੈ। ਸਮਾਜ ਸਰਗਰਮੀ ਨਾਲ ਕੰਮ ਕਰਦਾ ਹੈ।’ ਉਨ੍ਹਾਂ ਕਿਹਾ, ‘ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਮਤਭੇਦ ਭੁੱਲ ਕੇ ਇਕਜੁੱਟ ਹੋਣ ਦੀ ਲੋੜ ਹੈ।’ ਉਨ੍ਹਾਂ ਕਿਹਾ, ‘ਹਿੰਦੂ ਧਰਮ, ਹਿੰਦੂ ਸਮਾਜ ਅਤੇ ਹਿੰਦੂ ਸੱਭਿਆਚਾਰ ਦੀ ਰਾਖੀ ਕਰਨਾ ਸਾਡਾ ਫਰਜ਼ ਹੈ।’ 30 ਮਈ ਤੋਂ ਸ਼ੁਰੂ ਹੋਏ ‘ਕਾਰਿਆਕਰਤਾ ਵਿਕਾਸ ਵਰਗ-ਪ੍ਰਥਮ’ ਸਮਾਗਮ ਵਿੱਚ ਕੁੱਲ 212 ਵਾਲੰਟੀਅਰ ਹਿੱਸਾ ਲੈ ਰਹੇ ਹਨ। ਇਸ ਦਾ ਸਮਾਪਤੀ ਸਮਾਗਮ 19 ਜੂਨ ਨੂੰ ਹੋਵੇਗਾ। -ਪੀਟੀਆਈ