ਆਪਣੇ ਹਿੱਤਾਂ ਲਈ ਵਿਰੋਧੀਆਂ ਨੇ ਬਣਾਇਆ ‘ਇੰਡੀਆ’ ਗੱਠਜੋੜ: ਸ਼ਾਹ
ਕਰਨਾਲ, 2 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਅੱਜ ਇੱਥੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ‘ਕਟੌਤੀ, ਕਮਿਸ਼ਨ ਅਤੇ ਭ੍ਰਿਸ਼ਟਾਚਾਰ’ ਦੀ ਪਾਰਟੀ ਦੱਸਿਆ ਅਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੀ ਆਲੋਚਨਾ ਕਰਦਿਆਂ ਕਿਹਾ ਕਿ 27 ਪਾਰਟੀਆਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਹੱਥ ਮਿਲਾਇਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ। ਹਰਿਆਣਾ ਸਰਕਾਰ ਵੱਲੋਂ ਇੱਥੇ ਕਰਵਾਏ ਗਏ ‘ਅੰਨਤੋਦਿਆ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਮਨਹੋਰ ਲਾਲ ਖੱਟਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਨੇ ਪਿਛਲੇ ਨੌਂ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖ਼ਤਮ ਕੀਤਾ ਹੈ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ ਹੈ। ਨਰਿੰਦਰ ਮੋਦੀ ਸਰਕਾਰ ਦੀਆਂ ਪਹਿਲਕਦਮੀਆਂ ਅਤੇ ਯੋਜਨਾਵਾਂ ਦੀ ਸੂਚੀ ਕਰਦਿਆਂ ਕੇਂਦਰੀ ਮੰਤਰੀ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਭੁਗਤਨ ਦੀ ਅਪੀਲ ਕੀਤੀ।
ਸਮਾਗਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੌਜੂਦਗੀ ਵਿੱਚ ਅਮਤਿ ਸ਼ਾਹ ਨੇ ‘ਅੰਨਤੋਦਿਆ’ ਪਰਿਵਾਰਾਂ ਲਈ ਪੰਜ ਯੋਜਨਾਵਾਂ ਦਾ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨਾ ਤਾਂ ਹਰਿਆਣਾ ਅਤੇ ਨਾ ਹੀ ਦੇਸ਼ ਦਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਕੱਟ, ਕਮਿਸ਼ਨ ਅਤੇ ਭ੍ਰਿਸ਼ਟਾਚਾਰ ਦੀ ਪਾਰਟੀ ਹੈ। ਪਾਰਟੀ ਦਾ ਚੋਣ ਨਿਸ਼ਾਨ ਹੱਥ ਹਰਿਆਣਾ ਦੇ ਲੋਕਾਂ ਲਈ ਨਹੀਂ ਹੈ। ਸ਼ਾਹ ਨੇ ‘ਇੰਡੀਆ’ ਗੱਠਜੋੜ ਨੂੰ ‘ਘਮੰਡੀ’ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਧੜੇ ਦੀਆਂ ਸਾਰੀਆਂ 27 ਪਾਰਟੀਆਂ ‘ਪਰਿਵਾਰਵਾਦੀ’ ਹਨ। ਉਨ੍ਹਾਂ ਕਿਹਾ, ‘‘ਸਾਰੀਆਂ 27 ਪਾਰਟੀਆਂ ਪਰਿਵਾਰਵਾਦੀ ਹਨ। ਕਿਸੇ ਨੇ ਆਪਣੇ ਧੀਆਂ-ਪੁੱਤਾਂ ਨੂੰ ਪਾਰਟੀ ਵਿੱਚ ਅਹੁਦਾ ਦੇਣਾ ਹੈ, ਕਿਸੇ ਨੇ ਆਪਣੇ ਪੁੱਤ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਕਿਸੇ ਨੇ ਆਪਣੇ ਬੱਚਿਆਂ ਨੂੰ ਏਜੰਸੀਆਂ ਤੋਂ ਬਚਾਉਣਾ ਹੈ, ਜਦਕਿ ਕਿਸੇ ਨੇ ਆਪਣੇ ਪੁੁੱਤ ਨੂੰ ਮੁੱਖ ਮੰਤਰੀ ਬਣਾਉਣਾ ਹੈ। ਕਈਆਂ ਨੂੰ ਮੈਡਮ ਦੇ ਵਫ਼ਾਦਾਰ ਬਣਨਾ ਹੈ। ਕੀ ਇਹ ਲੋਕ ਲੋਕਾਂ ਦਾ ਕੋਈ ਭਲਾ ਕਰ ਸਕਦੇ ਹਨ?’’ ਸ਼ਾਹ ਨੇ ਰਾਮ ਮੰਦਿਰ ਦੇ ਮੁੱਦੇ ’ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਾਰਟੀ ਨੇ ਦਹਾਕਿਆਂ ਤੱਕ ਇਸ ਮੁੱਦੇ ਨੂੰ ਲਮਕਾਈ ਰੱਖਿਆ ਅਤੇ ਰਾਮ ਮੰਦਿਰ ਦੇ ਨਿਰਮਾਣ ਵਿੱਚ ਵਿਘਨ ਪਾਇਆ। -ਪੀਟੀਆਈ