ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 20 ਦਸੰਬਰਨਗਰ ਨਿਗਮ ਚੋਣਾਂ ਅੱਜ ਹਨ ਤੇ ਚੋਣਾਂ ਤੋਂ ਪਹਿਲਾਂ ਹੀ ‘ਆਪ’ ਵਿਧਾਇਕਾਂ ਵੱਲੋਂ ਸ਼ਹਿਰ ਵਿੱਚ ਮੇਅਰ ਦੇ ਲਈ ਜੋੜ ਤੋੜ ਆਰੰਭ ਦਿੱਤੇ ਗਏ ਹਨ। ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ 95 ਵਾਰਡਾਂ ਲਈ ਪੂਰਾ ਮੈਦਾਨ ਤਿਆਰ ਹੈ। ‘ਆਪ’ ਵਿਧਾਇਕਾਂ ਨੇ ਚੋਣ ਪ੍ਰਚਾਰ ਦੌਰਾਨ ਪੂਰਾ ਜ਼ੋਰ ਲਾਇਆ ਹੈ। ਚੋਣ ਪ੍ਰਚਾਰ ਕਰਦਿਆਂ ਹੋਰਨਾਂ ਪਾਰਟੀਆਂ ਨੇ ਵੀ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ ਆਪਣਾ ਮੇਅਰ ਬਣਾਉਣਗੇ ਪਰ ‘ਆਪ’ ਦੇ ਸਾਰੇ ਵਿਧਾਇਕ ਦਾਅਵਾ ਕਰਦੇ ਹਨ ਕਿ ਇਸ ਵਾਰ ‘ਆਪ’ ਲੁਧਿਆਣਾ ਦੇ ਨਗਰ ਨਿਗਮ ’ਤੇ ਕਬਜ਼ਾ ਕਰੇਗੀ।‘ਆਪ’ ਵਿਧਾਇਕਾਂ ਨੇ ਪੂਰੀ ਵਿਉਂਤਬੰਦੀ ਕਰ ਲਈ ਹੈ ਤਾਂ ਜੋ ਮੇਅਰ ਉਨ੍ਹਾਂ ਦੇ ਕੋਟੇ ਵਿੱਚੋਂ ਹੀ ਬਣੇ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਸਰਕਾਰ ਜਿਸ ਹਲਕੇ ’ਚੋਂ ‘ਆਪ’ ਦੇ ਜ਼ਿਆਦਾ ਉਮੀਦਵਰਾ ਜਿੱਤ ਦਰਜ ਕਰਵਾਉਣਗੇ, ਉਸ ਹਲਕੇ ਵਿੱਚੋਂ ਹੀ ਮੇਅਰ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਹੋਣੀ ਹੈ ਜਿਸ ਲਈ ਸ਼ਹਿਰ ਦੀਆਂ ਸਾਰੀਆਂ ਸੀਟਾਂ ’ਤੇ ਕਾਬਜ਼ ‘ਆਪ’ ਵਿਧਾਇਕਾਂ ਨੇ ਆਪਣੇ ਇਲਾਕੇ ’ਚੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜ਼ੋਰ ਲਾ ਦਿੱਤਾ ਹੈ ਤਾਂ ਜੋ ਉਹ ਆਪਣੇ ਕਰੀਬੀ ਸਾਥੀ ਨੂੰ ਮੇਅਰ ਬਣਾਉਣ ’ਚ ਕਾਮਯਾਬ ਹੋ ਸਕਣ। ਮੇਅਰ ਕੌਣ ਬਣੇਗਾ ਤੇ ਕਿਸ ਦੇ ਇਲਾਕੇ ਤੋਂ ਹੋਵੇਗਾ ਇਸ ਦਾ ਫ਼ੈਸਲਾ ਸਮਾਂ ਆਉਣ ’ਤੇ ਹੀ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਦੇ ਸ਼ਹਿਰੀ ਖੇਤਰਾਂ ਵਿੱਚ ਛੇ ਵਿਧਾਇਕ ਹਨ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੀ ਆਪਣੇ ਹਲਕੇ ਵਿੱਚ ਪੰਜ ਵਾਰਡ ਹਨ। ‘ਆਪ’ ਵਿਧਾਇਕਾਂ ਦਾ ਸਿਆਸੀ ਭਵਿੱਚ ਇਸ ਵੇਲੇ ਪੂਰੀ ਤਰ੍ਹਾਂ ਦਾਅ ’ਤੇ ਲੱਗਿਆ ਹੋਇਆ ਹੈ। ਇਕ ਪਾਸੇ ਉਨ੍ਹਾਂ ’ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਨਜ਼ਦੀਕੀਆਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਹੈ ਤੇ ਦੂਜੇ ਪਾਸੇ ਇਸ ਸਮੇਂ ਹਰ ਵਿਧਾਇਕ ਦੀ ਇੱਛਾ ਹੈ ਕਿ ਜੇਕਰ ‘ਆਪ’ ਪਾਰਟੀ ਨਗਰ ਨਿਗਮ ਚੋਣਾਂ ਜਿੱਤਦੀ ਹੈ, ਫਿਰ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਕਰੀਬੀ ਹੀ ਹੀ ਮੇਅਰ ਬਣੇ। ਇਸ ਦੇ ਲਈ ‘ਆਪ’ ਵਿਧਾਇਕਾਂ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਹਲਕੇ ਤੋਂ ਵੱਧ ਤੋਂ ਵੱਧ ਕੌਂਸਲਰ ਚੁਣੇ ਜਾਣ ਅਤੇ ਉਹ ਆਪਣੇ ਹਲਕੇ ਤੋਂ ਮੇਅਰ ਦੇਣ ਲਈ ਪਾਰਟੀ ’ਤੇ ਦਬਾਅ ਬਣਾ ਸਕਣ। ਜੇਕਰ ਗੱਲ ਕਰੀਏ ਤਾਂ ਹਲਕਾ ਪੂਰਬੀ ’ਚ ਸਭ ਤੋਂ ਵੱਧ 19 ਵਾਰਡ ਹਨ, ਪਿਛਲੀ ਵਾਰ ਕਾਂਗਰਸ ਨੇ 19 ਵਾਰਡਾਂ ਤੋਂ ਵੱਧ ਜਿੱਤ ਹਾਸਲ ਕੀਤੀ ਸੀ। ਇਸ ਵਾਰ ਦਲਜੀਤ ਸਿੰਘ ਗਰੇਵਾਲ ਭੋਲਾ ਜ਼ੋਰ ਦੇ ਰਹੇ ਹਨ ਕਿ ਉਨ੍ਹਾਂ ਦੇ ਹਲਕੇ ਤੋਂ ਵੱਧ ਤੋਂ ਵੱਧ ਉਮੀਦਵਾਰ ਜਿੱਤਣ। ਇਸ ਤੋਂ ਇਲਾਵਾ ਹਲਕਾ ਪੱਛਮੀ ’ਚ 17 ਵਾਰਡ, ਹਲਕਾ ਆਤਮਨਗਰ ’ਚ 12 ਵਾਰਡ, ਹਲਕਾ ਉੱਤਰੀ ’ਚ 17, ਕੇਂਦਰੀ ’ਚ 15, ਹਲਕਾ ਦੱਖਣੀ ’ਚ 11 ਵਾਰਡ ਅਤੇ ਹਲਕਾ ਸਾਹਨੇਵਾਲ ’ਚ ਪੰਜ ਵਾਰਡ ਸ਼ਾਮਲ ਹਨ।