ਆਪਣੇ ਲਈ ਬੱਲਾ ਲੈਣ ਜਲੰਧਰ ਆਇਆ ਕ੍ਰਿਸ ਗੇਲ !
ਪਾਲ ਸਿੰਘ ਨੌਲੀ
ਜਲੰਧਰ, 31 ਜਨਵਰੀ
ਕੌਮਾਂਤਰੀ ਕ੍ਰਿਕਟ ਖਿਡਾਰੀ ਅਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਅੱਜ ਜਲੰਧਰ ਦੀ ਖੇਡ ਮਾਰਕੀਟ ਦਾ ਦੌਰਾ ਕੀਤਾ। ਕ੍ਰਿਸ ਗੇਲ ਕ੍ਰਿਕਟ ਦਾ ਸਾਮਾਨ ਬਣਾਉਣ ਵਾਲੀ ਜਲੰਧਰ ਸਥਿਤ ਕੰਪਨੀ ਸਪਾਰਟਨ ਦੇ ਦਫ਼ਤਰ ਪਹੁੰਚਿਆ, ਜਿਥੇ ਕੰਪਨੀ ਪ੍ਰਬੰਧਕਾਂ ਦੇ ਨਾਲ-ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਸ ਦਾ ਸਵਾਗਤ ਕੀਤਾ।
ਕ੍ਰਿਸ ਗੇਲ ਕੌਮਾਂਤਰੀ ਕ੍ਰਿਕਟ ਮੁਕਾਬਲੇ ਲਈ ਜਿਹੜਾ ਬੱਲਾ (ਬੈਟ) ਵਰਤਦਾ ਹੈ, ਉਹ ਜਲੰਧਰ ਦੀ ਇਹ ਕੰਪਨੀ ਤਿਆਰ ਕਰਦੀ ਹੈ। ਸਮਝਿਆ ਜਾ ਰਿਹਾ ਹੈ ਕਿ ਉਹ ਆਪਣਾ ਬੱਲਾ ਬਣਦਾ ਦੇਖਣ ਆਇਆ ਸੀ।
ਜਲੰਧਰ ਪਹੁੰਚੇ ਕ੍ਰਿਸ ਗੇਲ ਦੀ ਇੱਕ ਝਲਕ ਪਾਉਣ ਲਈ ਕ੍ਰਿਕਟ ਦੇ ਦੀਵਾਨੇ ਤਰਲੋਮੱਛੀ ਹੋ ਗਏ। ਗੇਲ ਨੇ ਕੰਪਨੀ ਪ੍ਰਬੰਧਕਾਂ ਤੋਂ ਕ੍ਰਿਕਟ ਦੇ ਸਾਮਾਨ ਨਾਲ ਜੁੜੀ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ। ਉਸਨੇ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਸਾਮਾਨ ਬਾਰੇ ਵੀ ਪੁੱਛਿਆ।
ਵਿਧਾਇਕ ਸ਼ਤੀਲ ਅੰਗੁਰਾਲ ਨੇ ਗੇਲ ਨੂੰ ਦੱਸਿਆ ਕਿ ਪੰਜਾਬ ਸਰਕਾਰ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਗੇਲ ਨੇ ਇਸ ਨੂੰ ਚੰਗਾ ਕਦਮ ਦੱਸਿਆ ਤੇ ਕਿਹਾ ਕਿ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨ ਵਿੱਚ ਸਹਾਈ ਹੋਵੇਗੀ।
ਗੇਲ ਨੇ ਕਿਹਾ ਕਿ ਉਸਨੂੰ ਜਲੰਧਰ ਆ ਕੇ ਬਹੁਤ ਚੰਗਾ ਲੱਗਿਆ। ਉਸ ਨੇ ਜਲੰਧਰ ਦੀ ਇਸ ਕੰਪਨੀ ਵੱਲੋਂ ਬਣਾਏ ਬੱਲੇ ਨਾਲ ਦੁਨੀਆਂ ਵਿੱਚ ਕਈ ਰਿਕਾਰਡ ਬਣਾਏ ਪਰ ਇੱਥੇ ਆਉਣ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ। ਉਸ ਦੀ ਇੱਛਾ ਸੀ ਕਿ ਉਹ ਖੇਡਾਂ ਨੂੰ ਸਮਰਪਿਤ ਇਹ ਸ਼ਹਿਰ ਇਕ ਵਾਰ ਜ਼ਰੂਰ ਦੇਖੇ। ਉਹ ਖੁਸ਼ਕਿਸਮਤ ਹੈ ਕਿ ਅੱਜ ਉਹ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸ਼ਹਿਰ ਵਿੱਚ ਆਇਆ ਹੈ। ਜਾਣਕਾਰੀ ਅਨੁਸਾਰ ਆਈਪੀਐੱਲ ਟੂਰਨਾਮੈਂਟ ਮਾਰਚ-ਅਪਰੈਲ ‘ਚ ਸ਼ੁਰੂ ਹੋਣ ਜਾ ਰਹੇ ਹਨ। ਇਸ ਨਾਲ ਕ੍ਰਿਕਟ ਦਾ ਸਾਮਾਨ ਹੋਰ ਵੀ ਵੱਧ ਵਿਕਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ।