ਆਨੰਦ ਨਗਰ ਵਿੱਚ ਇਕ ਹੋਰ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਸ਼ਹਿਰ ਦੇ ਹਰੇੜੀ ਰੋਡ ਸਥਿਤ ਆਨੰਦ ਨਗਰ ਵਿੱਚ ਖੇਡ ਮੈਦਾਨ ਦੇ ਬਿਲਕੁਲ ਨਜ਼ਦੀਕ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਮੁਹੱਲੇ ਦੇ ਲੋਕਾਂ ਵਲੋਂ ਵਿਰੋਧ ਕਰਦਿਆਂ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀ ਲੋਕਾਂ ਦਾ ਕਹਿਣਾ ਹੈ ਕਿ ਆਨੰਦ ਨਗਰ ਵਿੱਚ ਪਹਿਲਾਂ ਹੀ ਸ਼ਰਾਬ ਦਾ ਠੇਕਾ ਮੌਜੂਦ ਹੈ ਜਿਸ ਨੂੰ ਬੰਦ ਕਰਾਉਣ ਲਈ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਪਹਿਲਾਂ ਵਾਲਾ ਸ਼ਰਾਬ ਦਾ ਠੇਕਾ ਬੰਦ ਤਾਂ ਕੀ ਹੋਣਾ ਸੀ ਸਗੋਂ ਇੱਕ ਹੋਰ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਸ਼ਰਾਬ ਦੇ ਠੇਕੇ ਅੱਗੇ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਬਾਦੀ ’ਚੋ ਦੋਵੇਂ ਠੇਕੇ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਮੁਹਿੰਮ ਚਲਾ ਰਹੀ ਹੈ ਜਦੋਂ ਕਿ ਦੂਜੇ ਪਾਸੇ ਖੇਡ ਮੈਦਾਨ ਅਤੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਮੁਹੱਲੇ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਦਾ ਠੇਕਾ ਰਿਹਾਇਸ਼ੀ ਖੇਤਰ ਵਿਚ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਮੁਹੱਲਾ ਵਸਨੀਕ ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਮੁਹੱਲੇ ਦੇ ਨੌਜਵਾਨ ਖੇਡ ਮੈਦਾਨ ਵਿਚ ਰੋਜ਼ਾਨਾ ਸਵੇਰੇ ਸ਼ਾਮ ਅਭਿਆਸ ਕਰਦੇ ਹਨ ਅਤੇ ਔਰਤਾਂ ਸੈਰ ਕਰਦੀਆਂ ਹਨ ਪਰ ਸ਼ਰਾਬ ਦਾ ਠੇਕਾ ਖੁੱਲ੍ਹਣ ਕਾਰਨ ਇਥੇ ਸ਼ਰਾਬੀਆਂ ਦਾ ਤਾਂਤਾ ਲੱਗਿਆ ਰਹੇਗਾ ਅਤੇ ਔਰਤਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਵੇਗੀ। ਨੌਜਵਾਨ ਬੱਚੀਆਂ ਰੋਜ਼ਾਨਾ ਸਕੂਲ ਅਤੇ ਸ਼ਾਮ ਨੂੰ ਟਿਊਸ਼ਨ ਪੜ੍ਹਨ ਜਾਂਦੀਆਂ ਹਨ ਪਰ ਸ਼ਰਾਬ ਦਾ ਠੇਕਾ ਖੁੱਲ੍ਹਣ ਨਾਲ ਕਾਫੀ ਦਿੱਕਤਾਂ ਆਉਣਗੀਆਂ। ਮੁਹੱਲੇ ਦੇ ਨਗਰ ਕੌਂਸਲਰ ਰਿਪੁਦਮਨ ਸਿੰਘ ਢਿੱਲੋਂ ਨੇ ਕਿਹਾ ਕਿ ਠੇਕਾ ਬੰਦ ਕਰਾਉਣ ਲਈ ਜੋ ਵੀ ਲੜਾਈ ਲੜਨੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ। ਬੁਲਾਰਿਆਂ ਨੇ ਸ਼ਹਿਰ ਦੇ ਵਸਨੀਕ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਤੋਂ ਮੰਗ ਕੀਤੀ ਕਿ ਆਬਾਦੀ ’ਚ ਖੁੱਲ੍ਹੇ ਦੋਵੇਂ ਸ਼ਰਾਬ ਦੇ ਠੇਕੇ ਬੰਦ ਕਰਕੇ ਬਾਹਰ ਤਬਦੀਲ ਕੀਤੇ ਜਾਣ। ਇਸ ਮੌਕੇ ਬਸਪਾ ਆਗੂ ਸਤਿਗੁਰ ਸਿੰਘ ਕੌਹਰੀਆਂ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਲਾਭ ਸਿੰਘ ਮੰਗਵਾਲ, ਰੂਪ ਸਿੰਘ, ਕਰਨੈਲ ਸਿੰਘ, ਕੁਲਵੰਤ ਸਿੰਘ, ਕਰਮਜੀਤ ਸਿੰਘ ਹਰੀਗੜ੍ਹ, ਜਸਵਿੰਦਰ ਸਿੰਘ, ਜੀਵਨ ਸਿੰਘ, ਸੁਖਜੀਤ ਸਿੰਘ, ਰਾਣੀ ਕੌਰ, ਬਬਲੀ ਕੌਰ, ਪਰਮਿੰਦਰ ਕੌਰ ਆਦਿ ਮੌਜੂਦ ਸਨ।