ਆਨਲਾਈਨ ਠੱਗੀ: ਸੱਤ ਨਾਇਜੀਰੀਅਨ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 24 ਮਈ
ਮੁਹਾਲੀ ਪੁਲੀਸ ਦੇ ਸਾਈਬਰ ਸੈੱਲ ਨੇ ਦੇਸ਼ ’ਚ ਆਨਲਾਈਨ ਠੱਗੀ ਮਾਰਨ ਵਾਲੇ ਕੌਮਾਂਤਰੀ ਗਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਸਾਈਬਰ ਸੈੱਲ ਥਾਣਾ ਫੇਜ਼-7 ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮੁਲਜ਼ਮ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਸਥਿਤ ਇੱਕ ਮਕਾਨ ’ਚ ਆਨਲਾਈਨ ਠੱਗੀ ਦਾ ਕਾਲ ਸੈਂਟਰ ਚਲਾ ਰਹੇ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 350 ਤੋਂ ਵੱਧ ਲੋਕਾਂ ਨਾਲ ਲਗਪਗ 15 ਕਰੋੜ ਰੁਪਏ ਤੋਂ ਵੱਧ ਆਨਲਾਈਨ ਠੱਗੀ ਮਾਰੀ ਗਈ ਹੈ। ਪੀੜਤਾਂ ਵਿੱਚ ਮੁਹਾਲੀ, ਪੰਜਾਬ ਸਮੇਤ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਤਿੰਨ ਪੀੜਤਾਂ ਦੀ ਸ਼ਿਕਾਇਤ ’ਤੇ ਡੀਐੱਸਪੀ (ਸਾਈਬਰ ਸੈੱਲ) ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਵਾਲੀ ਟੀਮ ਨੇ ਸੱਤ ਨਾਈਜੀਰੀਅਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 79 ਸਮਾਰਟ ਫੋਨ, 2 ਲੈਪਟਾਪ, 2 ਮੈਕਬੁੱਕ, 99 ਵਿਦੇਸ਼ੀ ਅਤੇ ਭਾਰਤੀ ਸਿਮ ਕਾਰਡ ਅਤੇ 31 ਫ਼ਰਜ਼ੀ ਬੈਂਕ ਖਾਤਿਆਂ ਦੇ ਰਿਕਾਰਡ ਬਰਾਮਦ ਕੀਤੇ ਗਏ ਹਨ। ਬਰਾਮਦ ਸਾਮਾਨ ਦੀ ਕੁੱਲ ਕੀਮਤ ਕਰੀਬ 30 ਲੱਖ ਰੁਪਏ ਹੈ।
ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾਉਂਦੇ ਸੀ ਤੇ ਪੀੜਤਾਂ ਦਾ ਭਰੋਸਾ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਮਹਿੰਗੇ ਤੋਹਫ਼ੇ ਭੇਜਣ ਅਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਨਲਾਈਨ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਕਾਲ ਸੈਂਟਰ ਬੰਦ ਕਰਵਾ ਦਿੱਤਾ ਹੈ।
ਵਿਆਹੇ ਪੁਰਸ਼ਾਂ ਤੇ ਔਰਤਾਂ ਨੂੰ ਠੱਗਦੇ ਸਨ ਮੁਲਜ਼ਮ: ਡੀਐੱਸਪੀ
ਡੀਐੱਸਪੀ (ਸਾਈਬਰ ਸੈੱਲ) ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਜਾਂਚ ਵਿੱਚ ਖ਼ੁਲਾਸਾ ਹੋਇਆ ਕਿ ਵਿਦੇਸ਼ੀ ਨਾਗਰਿਕ ਨਕਲੀ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟਸ ਰਾਹੀਂ ਪੁਰਸ਼ਾਂ ਅਤੇ ਔਰਤਾਂ ਨਾਲ ਦੋਸਤੀ ਕਰ ਕੇ ਵਿਦੇਸ਼ੀ ਤੋਹਫ਼ਿਆਂ ਦੇ ਲਾਲਚ ਵਿੱਚ ਫਸਾ ਲੈਂਦੇ ਸਨ। ਤੋਹਫ਼ਿਆਂ ਦੀ ਡਿਲਿਵਰੀ ਦੇ ਨਾਂ ’ਤੇ ਕਸਟਮ ਜਾਂ ਟੈਕਸ ਦੀ ਰਾਸ਼ੀ ਦੇ ਭੁਗਤਾਨ ਵਜੋਂ ਪੈਸੇ ਮੰਗੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜ਼ਿਆਦਾਤਰ ਵਿਆਹੇ ਹੋਏ ਪੁਰਸ਼ਾਂ ਅਤੇ ਔਰਤਾਂ ਨਾਲ ਪਹਿਲਾਂ ਦੋਸਤੀ ਕਰਦੇ ਸਨ। ਬਾਅਦ ਵਿੱਚ ਉਨ੍ਹਾਂ ਦੇ ਪਤੀ ਜਾਂ ਪਤਨੀ ਨੂੰ ਬਲੈਕਮੇਲ ਕਰਕੇ ਪੈਸੇ ਠੱਗਦੇ ਸਨ।Advertisement