ਆਦਿਵਾਸੀ ਖੇਤਰਾਂ ਵਿੱਚ ਕਤਲੇਆਮ ਤੇ ਤਬਾਹੀ ਦੀ ਜਮਹੂਰੀ ਫ਼ਰੰਟ ਵੱਲੋਂ ਨਿਖੇਧੀ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 15 ਜੂਨ
ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫ਼ਰੰਟ ਦੀ ਸੂਬਾਈ ਮੀਟਿੰਗ ਹੋਈ। ਇਸ ਦੌਰਾਨ ਛੱਤੀਸਗੜ੍ਹ ਅਤੇ ਹੋਰ ਆਦਿਵਾਸੀ ਇਲਾਕਿਆਂ ਵਿੱਚ ਵਿਕਾਸ ਦੇ ਨਾਂ ਹੇਠ ਸੁਰੱਖਿਆ ਬਲਾਂ ਦੇ ਵਿਸ਼ੇਸ਼ ਕੈਂਪ ਸਥਾਪਤ ਕਰ ਕੇ ਕੀਤੀ ਜਾ ਰਹੀ ਨਸਲਕੁਸ਼ੀ ਅਤੇ ਬੇ-ਥਾਹ ਤਬਾਹੀ ’ਤੇ ਚਿੰਤਾ ਪ੍ਰਗਟ ਕੀਤੀ ਗਈ। ਉਨ੍ਹਾਂ ਨੀਮ ਫ਼ੌਜੀ ਤਾਕਤਾਂ ਦੀ ਵਿਆਪਕ ਛਾਉਣੀ ਬਣਾ ਕੇ ਮਾਓਵਾਦੀਆਂ ਅਤੇ ਆਦਿਵਾਸੀਆਂ ਦੇ ਕਤਲੇਆਮ ਦੀ ਨਿਖੇਧੀ ਕੀਤੀ। ਪ੍ਰੋ. ਏ. ਕੇ ਮਲੇਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਅੱਜ ਤੋਂ 28 ਜੁਲਾਈ ਤੱਕ ਇਸ ਜਬਰ ਖ਼ਿਲਾਫ਼ ਸੂਬਾ ਪੱਧਰੀ ‘ਚੇਤਨਾ ਤੇ ਸੰਪਰਕ ਮੁਹਿੰਮ’ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਆਦਿਵਾਸੀਆਂ ਅਤੇ ਮਾਓਵਾਦੀਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਫ਼ਰੰਟ ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋਫੈਸਰ ਏ ਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਜਮਹੂਰੀ ਵਿਰੋਧ ਨੂੰ ਕਰੂਰ ਨਾਲ ਕੁਚਲ ਰਹੀ ਹੈ।
ਇਸ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਮੀਟਿੰਗਾਂ, ਗਰੁੱਪ ਚਰਚਾਵਾਂ ਅਤੇ ਹੋਰ ਢੁਕਵੇਂ ਰੂਪਾਂ ਵਿਚ ਇਸ ਕਤਲੇਆਮ ਵਿਰੁੱਧ ਜਨਤਕ ਜਮਹੂਰੀ ਆਵਾਜ਼ ਦਾ ਘੇਰਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਵੱਲੋਂ ਲੋਕ-ਜਮਹੂਰੀ ਜਥੇਬੰਦੀਆਂ ਦੇ ਨਾਲ-ਨਾਲ ਬੁੱਧੀਜੀਵੀ-ਅਕਾਦਮਿਕ ਹਿੱਸਿਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ ਸਮੇਤ ਸਮੂਹ ਲੋਕਪੱਖੀ ਅਗਾਂਹਵਧੂ ਸੰਸਥਾਵਾਂ ਤੇ ਤਾਕਤਾਂ ਨੂੰ ਇਸ ਜਾਬਰ ਹਮਲੇ ਖ਼ਿਲਾਫ਼ ਆਵਾਜ਼ ਉਠਾਉਣ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ।