ਆਦਰਸ਼ ਸਕੂਲ ਚਾਉਕੇ ਮਾਮਲੇ ’ਚ ਅਧਿਆਪਕਾਂ ਦੀ ਜਿੱਤ
ਗੁਰਜੀਤ ਭੁੱਲਰ
ਰਾਮਪੁਰਾ ਫੂਲ, 17 ਜੂਨ
ਆਦਰਸ਼ ਸਕੂਲ ਚਾਉਕੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਵਿਚਕਾਰ ਵਿਵਾਦ ਆਖ਼ਰਕਾਰ ਸੁਲਝ ਗਿਆ ਹੈ। ਅੱਜ ਪ੍ਰਸ਼ਾਸਨ ਵੱਲੋਂ ਸੰਘਰਸ਼ੀ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਅਤੇ ਉਹ ਸਕੂਲ ਵਿੱਚ ਹਾਜ਼ਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਡੀਸੀ ਦਫ਼ਤਰ ਬਠਿੰਡਾ ਵਿੱਚ ਹੋਈ ਮੀਟਿੰਗ ਵਿੱਚ ਡੀਆਈਜੀ, ਏਡੀਸੀ ਅਤੇ ਸੰਘਰਸ਼ੀ ਅਧਿਆਪਕਾਂ ਸਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਅਧਿਆਪਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਸੇਵਾਵਾਂ ਜਨਵਰੀ 2025 ਤੋਂ ਬਹਾਲ ਕੀਤੀਆਂ ਜਾਣਗੀਆਂ।
ਕਈ ਮਹੀਨਿਆਂ ਤੋਂ ਅਧਿਆਪਕਾਂ ਵੱਲੋਂ ਤਨਖਾਹਾਂ ਅਤੇ ਸਹੂਲਤਾਂ ਦੀ ਮੰਗ ਨੂੰ ਲੈ ਕੇ ਸਕੂਲ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਸਕੂਲ ਪ੍ਰਬੰਧਨ ਵੱਲੋਂ ਪਿੱਛੇ ਹਟਣ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ ਸੀ। ਹੁਣ ਪ੍ਰਸ਼ਾਸਨ ਅਤੇ ਅਧਿਆਪਕਾਂ ਵਿਚਕਾਰ ਹੋਏ ਸਮਝੌਤੇ ਰਾਹੀਂ ਇਹ ਸੰਘਰਸ਼ ਖਤਮ ਹੋ ਗਿਆ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਬੀਕੇਯੂ ਡਕੌਦਾ ਧਨੇਰ ਦੇ ਗੁਰਦੀਪ ਸਿੰਘ, ਕ੍ਰਾਂਤੀਕਾਰੀ ਯੂਨੀਅਨ ਦੇ ਦਰਸ਼ਨ ਸਿੰਘ ਫੂਲ, ਡੀਟੀਐੱਫ ਦੇ ਜਗਪਾਲ ਸਿੰਘ ਬੰਗੀ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਨਵਨੀਤ ਸ਼ਰਮਾ ਦੀਆਂ ਸੇਵਾਵਾਂ ਵੀ ਮਗਰੋਂ ਬਹਾਲ ਕੀਤੀਆਂ ਜਾਣਗੀਆਂ। ਦਰਜ ਕੀਤੇ ਗਏ ਸਾਰੇ ਪਰਚੇ ਰੱਦ ਕੀਤੇ ਜਾਣਗੇ ਅਤੇ 5 ਅਪਰੈਲ ਤੋਂ ਜੇਲ੍ਹ ਵਿੱਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਪ੍ਰੀਤ ਸਿੰਘ ਜਿਉਂਦ ਨੂੰ ਜਲਦ ਰਿਹਾਅ ਕੀਤਾ ਜਾਵੇਗਾ। ਸੰਘਰਸ਼ ਦੌਰਾਨ ਮਹਿਲਾ ਕਰਮਚਾਰੀਆਂ ਨਾਲ ਅਸ਼ਲੀਲ ਭਾਸ਼ਾ ਵਰਤਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।