ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ
ਪੱਤਰ ਪ੍ਰੇਰਕ
ਜਲੰਧਰ, 22 ਮਈ
ਡੈਮੋਕ੍ਰੈਟਿਕ ਟੀਚਰਜ਼ ਫਰੰਚ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ ਤੇ ਸਕੱਤਰ ਅਵਤਾਰ ਲਾਲ ਨੇ ਆਦਰਸ਼ ਮਾਡਲ ਸਕੂਲ ਚਾਉਕੇ (ਬਠਿੰਡਾ) ਦੇ ਸਾਰੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਚਾਉਕੇ ਸਕੂਲ ਦੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 113 ਦਿਨਾਂ ਤੋਂ ਲੈ ਕੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪੜਾਵਾਂ ਵਿੱਚ ਲੜੇ ਗਏ ਸੰਘਰਸ਼ ਸਦਕਾ ਨੌਕਰਿਓਂ ਕੱਢੇ ਅਧਿਆਪਕਾਂ ਦੀ ਮੁੜ ਨਿਯੁਕਤੀ ਸੰਭਵ ਹੋਈ ਸੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ’ਤੇ ਪੱਖਪਾਤ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ ਜਥੇਬੰਦੀਆਂ ਨਾਲ ਹੋਏ ਸਮਝੌਤੇ ਵਿੱਚ ਸਾਰੇ ਮੁਅੱਤਲ ਅਧਿਆਪਕਾਂ ਨੂੰ ਬਹਾਲ ਕਰਨ ਦਾ ਫੈਸਲਾ ਹੋਇਆ ਸੀ ਪਰ ਵਿਭਾਗ ਵੱਲੋਂ ਬਹਾਲ ਕੀਤੇ ਅਧਿਆਪਕਾਂ ਦੀ ਸੂਚੀ ਵਿੱਚੋਂ 5 ਅਧਿਆਪਕਾਂ ਨੂੰ ਪਾਸੇ ਕਰਕੇ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ। ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ ਸ਼ਾਹਕੋਟ, ਨਰਿੰਦਰ ਪਾਲ, ਰਾਜਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਭੋਡੀਪੁਰ, ਨਵਜੋਤ ਸਿੰਘ, ਮੈਨਪਾਲ ਅਤੇ ਮਨਜਿੰਦਰ ਸਿੰਘ ਨੇ ਚਾਉਕੇ ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆ ਤੁਰੰਤ ਪ੍ਰਭਾਵ ਤੋਂ ਸਾਰੇ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ।