ਆਦਰਸ਼ ਸਕੂਲਾਂ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਸੰਗਰੂਰ, 22 ਦਸੰਬਰ
ਪੰਜਾਬ ਵਿੱਚ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰ ਰਹੀ ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਕਾਰਕੁਨਾਂ ਵੱਲੋਂ ਇੱਥੇ ਬਰਨਾਲਾ ਚੌਕ ਵਿੱਚ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕਰਦਿਆਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਸਹਾਇਕ ਸਕੱਤਰ ਸੁਖਦੀਪ ਕੌਰ ਸਰਾਂ, ਸਲੀਮ ਮੁਹੰਮਦ ਮੀਤ ਪ੍ਰਧਾਨ ਅਤੇ ਮੀਨੂ ਬਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਆਦਰਸ਼ ਸਕੂਲਾਂ ਵਿੱਚ ਲਾਗੂ ਖੋਖਲੀਆਂ ਨੀਤੀਆਂ ਖਿਲਾਫ ਉਨ੍ਹਾਂ ਦੀ ਜਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਆਪਣੇ ਆਪ ਨੂੰ ਇਨਕਲਾਬੀ ਕਹਾਉਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਵਾਅਦੇ ਕਰਨ ਵਾਲਾ ਸੂਬੇ ਦਾ ਮੁੱਖ ਮੰਤਰੀ ਜੋ ਕਿ ਆਦਰਸ਼ ਸਕੂਲਾਂ ਦਾ ਚੇਅਰਮੈਨ ਵੀ ਹੈ, ਆਦਰਸ਼ ਸਕੂਲ ਦੇ ਅਧਿਆਪਕਾਂ ਦਾ ਕਥਿਤ ਤੌਰ ’ਤੇ ਸ਼ੋਸ਼ਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲ ਕੇਵਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਅੱਡਾ ਬਣ ਕੇ ਰਹਿ ਗਏ ਹਨ। ਬੁਲਾਰਿਆਂ ਨੇ ਰੋਹ ਭਰੇ ਲਹਿਜ਼ੇ ਵਿਚ ਕਿਹਾ ਕਿ ਸੂਬੇ ਵਿਚ ਸਿੱਖਿਆ ਦੇ ਪਸਾਰ ਦੇ ਦਾਅਵੇ ਕਰਨ ਵਾਲਾ ਮੁੱਖ ਮੰਤਰੀ ਜਾਂ ਉਸ ਦਾ ਕੋਈ ਵੀ ਅਧਿਕਾਰੀ ਸਕੂਲਾਂ ਵਿਚ ਆ ਕੇ ਇਥੇ ਪੜ੍ਹਦੇ ਗਰੀਬ ਮਜ਼ਦੂਰਾਂ ਦਿਆਂ ਬੱਚਿਆਂ ਅਤੇ ਅਧਿਆਪਕਾਂ ਦੀ ਸਾਰ ਲੈਣ ਕਿਉਂ ਨਹੀਂ ਆਉਂਦਾ। ਧਰਨਾਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੂਰਨ ਸਹਿਯੋਗ ਰਿਹਾ। ਪ੍ਰਸ਼ਾਸਨ ਵੱਲੋਂ ਆਉਂਦੀ 26 ਦਸੰਬਰ ਮੀਟਿੰਗ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਹਰਪ੍ਰੀਤ ਕੌਰ, ਅਮਰਜੋਤ ਜੋਸ਼ੀ, ਗਗਨ ਮਹਾਜਨ, ਭੁਪਿੰਦਰ ਕੌਰ, ਸਰਬਜੀਤ ਕੌਰ, ਸੰਜੀਵ ਕੁਮਾਰ, ਸੁਖਚੈਨ ਸਿੰਘ, ਮਨਮੋਹਣ ਸਿੰਘ, ਅਮਨਦੀਪ ਖਾਨ, ਦੀਪਕ ਕੁਮਾਰ, ਗੁਰਚਰਨ ਸਿੰਘ, ਜਗਤਾਰ ਸਿੰਘ, ਹਰਸਿਮਰਨ ਸਿੰਘ, ਗੁਰਿੰਦਰ ਸਿੰਘ, ਅਮਨ ਸ਼ਾਸਤਰੀ, ਨਵਜੋਤ ਸਿੰਘ ਅਤੇ ਅਮਰੀਕ ਸਿੰਘ ਹਾਜ਼ਰ ਸਨ।