ਆਦਰਸ਼ ਕਲੋਨੀ ’ਤੇ ਅੱਜ ਚੱਲੇਗਾ ਬੁਲਡੋਜ਼ਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀਆਂ-ਝੌਂਪੜੀਆਂ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ 19 ਜੂਨ ਨੂੰ ਸੈਕਟਰ-54 ਵਿੱਚ ਸਥਿਤ ਆਦਰਸ਼ ਕਾਲੋਨੀ ’ਤੇ ਬੁਲਡੋਜ਼ਰ ਚਲਾਇਆ ਜਾਵੇਗਾ। ਇਹ ਕਲੋਨੀ 12 ਏਕੜ ਸਰਕਾਰੀ ਜ਼ਮੀਨ ’ਤੇ ਵੱਸੀ ਹੋਈ ਹੈ। ਪ੍ਰਸ਼ਾਸਨ ਨੇ ਕਲੋਨੀ ’ਤੇ ਬੁਲਡੋਜ਼ਰ ਚਲਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਅੱਜ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਆਦਰਸ਼ ਕਲੋਨੀ ’ਤੇ ਕੀਤੀ ਜਾਣ ਵਾਲੀ ਕਾਰਵਾਈ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ, ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ, ਇੰਜਨੀਅਰਿੰਗ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਆਦਰਸ਼ ਕਲੋਨੀ ’ਚ ਜਨਤਕ ਵਿਵਸਥਾ ’ਚ ਕਿਸੇ ਰੁਕਾਵਟ ਤੋਂ ਬਿਨਾਂ ਮੁਹਿੰਮ ਨੂੰ ਆਪਸੀ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਚੰਡੀਗੜ੍ਹ ਦੀ ਐੱਸਐੱਸਪੀ ਨੇ ਕਾਨੂੰਨ ਵਿਵਸਥਾ ਪ੍ਰਬੰਧਨ ਲਈ ਪੂਰੀ ਪੁਲੀਸ ਤਾਇਨਾਤੀ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਦਰਸ਼ ਕਲੋਨੀ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਇਕ ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਜਿਨ੍ਹਾਂ ਵੱਲੋਂ ਬੈਰੀਕੇਡਿੰਗ ਕਰ ਕੇ ਲੋਕਾਂ ਨੂੰ ਕਾਰਵਾਈ ਵਾਲੀ ਥਾਂ ਤੋਂ ਦੂਰ ਰੱਖਿਆ ਜਾਵੇਗਾ। ਉੱਧਰ ਇੰਜਨੀਅਰਿੰਗ ਵਿਭਾਗ ਨੇ ਲੋੜੀਂਦੀ ਮਸ਼ੀਨਰੀ ਜੇਸੀਬੀ, ਡੰਪਰ ਅਤੇ ਹੋਰ ਢਾਹੁਣ ਵਾਲੇ ਉਪਕਰਨਾਂ ਦੀ ਮੌਜੂਦਗੀ ਦੇ ਵੇਰਵੇ ਦਿੱਤੇ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀਆਂ-ਝੌਂਪੜੀਆਂ ਤੋਂ ਮੁਕਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ਾਹਪੁਰ ਕਲੋਨੀ ਵਿੱਚ ਆਖ਼ਰੀ ਝੁੱਗੀਆਂ-ਝੌਂਪੜੀਆਂ ਰਹਿ ਜਾਣਗੀਆਂ। ਪ੍ਰਸ਼ਾਸਨ ਵੱਲੋਂ ਸੈਕਟਰ-54 ਦੀ ਆਦਰਸ਼ ਕਲੋਨੀ ਵਿੱਚ ਕਾਰਵਾਈ ਕਰਨ ਤੋਂ ਬਾਅਦ ਸ਼ਾਹਪੁਰ ਕਲੋਨੀ ’ਤੇ ਕਾਰਵਾਈ ਕੀਤੀ ਜਾਵੇਗੀ। ਉੱਥੇ ਵੀ ਕਈ ਏਕੜ ਜ਼ਮੀਨ ’ਤੇ ਹਜ਼ਾਰਾ ਲੋਕਾਂ ਵੱਲੋਂ ਝੁੱਗੀਆਂ-ਝੌਂਪੜੀਆਂ ਬਣਾਈਆਂ ਗਈਆਂ ਹਨ। ਯੂਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਨੇ 6 ਮਈ ਨੂੰ ਸੈਕਟਰ-25 ਵਿੱਚ ਸਥਿਤ ਜਨਤਾ ਕਲੋਨੀ ਵਿੱਚ ਲਗਪਗ 2500 ਝੁੱਗੀਆਂ-ਝੌਂਪੜੀਆਂ ਨੂੰ ਹਟਾਇਆ ਸੀ। ਇਹ ਕਲੋਨੀ 10 ਏਕੜ ਜ਼ਮੀਨ ’ਤੇ ਵੱਸੀ ਹੋਈ ਹੈ। ਇਸ ਦੀ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਥੇ ਯੂਟੀ ਪ੍ਰਸ਼ਾਸਨ ਵੱਲੋਂ ਡਿਸਪੈਂਸਰੀ, ਪ੍ਰਾਇਮਰੀ ਸਕੂਲ, ਕਮਿਊਨਿਟੀ ਸੈਂਟਰ ਅਤੇ ਇੱਕ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 23 ਅਪਰੈਲ ਨੂੰ ਸਨਅਤੀ ਏਰੀਆ ਵਿੱਚ ਸਥਿਤ ਸੰਜੇ ਕਲੋਨੀ ਵਿੱਚ ਲਗਪਗ 1,000 ਝੁੱਗੀਆਂ ਢਾਹ ਦਿੱਤੀਆਂ ਸਨ।