ਆਤਿਸ਼ੀ ਅਤੇ ‘ਆਪ’ ਦੇ ਹੋਰ ਵਿਧਾਇਕਾਂ ਨੂੰ ਨੋਟਿਸ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਮਈ
ਦਿੱਲੀ ਵਿਧਾਨ ਸਭਾ ਨੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਵਿਧਾਇਕਾਂ ਨੂੰ ਹਾਲ ਹੀ ਵਿੱਚ ਹੋਈ ਜਨਰਲ ਪਰਪਜ਼ ਕਮੇਟੀ (ਜੀਪੀਸੀ) ਦੀ ਮੀਟਿੰਗ ਦੇ ਵਿਚਾਰ-ਵਟਾਂਦਰੇ ਦਾ ਕਥਿਤ ‘ਖੁਲਾਸਾ’ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਨੋਟਿਸ ਭਾਜਪਾ ਮੈਂਬਰਾਂ ਵੱਲੋਂ ਅਪਮਾਨ ਅਤੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਆਏ ਹਨ। ਭਾਜਪਾ ਵਿਧਾਇਕਾਂ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਕਮੇਟੀ ਦੇ ਵਿਚਾਰ-ਵਟਾਂਦਰੇ ਦਾ ਖੁਲਾਸਾ ਹੋਣਾ ਆਪਣੇ ਆਪ ਵਿੱਚ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮੁੱਦਾ ਹੈ।

ਸ਼ਿਕਾਇਤ ਤੋਂ ਬਾਅਦ ਵਿਧਾਨ ਸਭਾ ਸਕੱਤਰੇਤ ਨੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਤੇ ‘ਆਪ’ ਵਿਧਾਇਕਾਂ ਕੁਲਦੀਪ ਕੁਮਾਰ, ਵੀਰ ਸਿੰਘ ਅਤੇ ਚੌਧਰੀ ਜ਼ੁਬੈਰ ਅਹਿਮਦ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ 30 ਮਈ ਨੂੰ ਜਾਂ ਇਸ ਤੋਂ ਪਹਿਲਾਂ ਸ਼ਿਕਾਇਤ ’ਤੇ ਆਪਣੀਆਂ ਲਿਖਤੀ ਟਿੱਪਣੀਆਂ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜੀਪੀਸੀ ਮੀਟਿੰਗ ਮਗਰੋਂ ਵਿਵਾਦ ਸ਼ੁਰੂ ਹੋ ਗਿਆ ਸੀ ਕਿਉਂਕਿ ‘ਆਪ’ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਵਿਧਾਇਕਾਂ ਨੇ ਮਾਤਾ ਸਵਿੱਤਰੀ ਬਾਈ ਫੂਲੇ ਦੀ ਤਸਵੀਰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਲਾਉਣ ਦੀ ਤਜਵੀਜ਼ ਰੱਖੀ ਸੀ ਪ੍ਰਸਤਾਵ ਰੱਖਿਆ ਸੀ। ਉਹ ਵਿਧਾਇਕ ਪੈਨਲ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਮੈਂਬਰਾਂ ਨੇ ਪ੍ਰਸਤਾਵ ਪਾਸ ਨਹੀਂ ਹੋਣ ਦਿੱਤਾ। ਹਾਲਾਂਕਿ, ਵਿਧਾਨ ਸਭਾ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਈ ਲਿਖਤੀ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ ਤੇ ਇਹ ਮੁੱਦਾ ਜ਼ੁਬਾਨੀ ਤੌਰ ’ਤੇ ਉਠਾਇਆ ਗਿਆ ਸੀ।
22 ਮਈ ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੇ ਨਾਮ ਸ਼ਿਕਾਇਤ ’ਚ ਡਿਪਟੀ ਸਪੀਕਰ ਮੋਹਨ ਸਿੰਘ ਬਿਸ਼ਟ, ਭਾਜਪਾ ਦੇ ਮੁੱਖ ਵ੍ਹਿਪ ਅਭੈ ਵਰਮਾ ਤੇ ਪਾਰਟੀ ਆਗੂਆਂ ਰਾਜ ਕੁਮਾਰ ਭਾਟੀਆ ਤੇ ਤਿਲਕ ਰਾਮ ਗੁਪਤਾ ਨੇ ਦੋਸ਼ ਲਾਇਆ ਕਿ ਜੀਪੀਸੀ ਮੀਟਿੰਗ ’ਚ ਵਿਚਾਰ-ਵਟਾਂਦਰੇ ਦੌਰਾਨ ‘ਆਪ’ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਸਵਿੱਤਰੀ ਬਾਈ ਫੂਲੇ ਦੀ ਤਸਵੀਰ ਵੀ ਲਾਈ ਜਾ ਸਕਦੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ‘ਆਪ’ ਦੇ ਮੈਂਬਰਾਂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਪ੍ਰੈੱਸ ਕਾਨਫਰੰਸ ’ਚ ਐਲਾਨ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਤੇ ਸਵਿੱਤਰੀ ਬਾਈ ਫੂਲੇ ਦੀ ਤਸਵੀਰ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ।
ਭਾਜਪਾ ਵਿਧਾਇਕਾਂ ਨੇ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਕਮੇਟੀ ਦੇ ਵਿਚਾਰ-ਵਟਾਂਦਰੇ ਦਾ ਖੁਲਾਸਾ ਹੋਣਾ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ‘ਆਪ’ ਵਿਧਾਇਕਾਂ ‘ਤੇ ਰਾਜਨੀਤਿਕ ਅਤੇ ਸ਼ਰਾਰਤੀ ਏਜੰਡੇ ਨਾਲ ਵਿਚਾਰ-ਵਟਾਂਦਰੇ ਦਾ ਖੁਲਾਸਾ ਕਰਨ ਦਾ ਦੋਸ਼ ਲਾਇਆ ਅਤੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਆਗੂਆਂ ਨੇ ਵੱਲੋਂ ਜਿਹੜੇ ਦੋਸ਼ ਲਾਏ ਗਏ ਹਨ, ਮੀਟਿੰਗ ’ਚ ਅਜਿਹਾ ਕੁਝ ਵੀ ਨਹੀਂ ਹੋਇਆ। ਨਿਯਮਾਂ ਅਨੁਸਾਰ ਵਿਚਾਰ-ਵਟਾਂਦਰੇ ਦਾ ਖੁਲਾਸਾ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਰਿਪੋਰਟ ਸਦਨ ਵਿੱਚ ਪੇਸ਼ ਨਹੀਂ ਕੀਤੀ ਜਾਂਦੀ ਜਾਂ ਸਪੀਕਰ ਇਸ ਦੀ ਇਜਾਜ਼ਤ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਜੀਪੀਸੀ ਦੀ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕਰਨ ਅਤੇ ਇਸ ਨੂੰ ਗਲਤ ਤੇ ਤੋੜ-ਮਰੋੜ ਕੇ ਪੇਸ਼ ਕਰਨ ਲਈ ਆਤਿਸ਼ੀ, ਕੁਲਦੀਪ ਕੁਮਾਰ, ਵੀਰ ਸਿੰਘ ਤੇ ਜ਼ੁਬੈਰ ਅਹਿਮਦ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਤੇ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਲਈ ਨੋਟਿਸ ਦੇ ਰਹੇ ਹਾਂ।