ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਮੰਡੀ ਦੀਆਂ ਜਾਇਦਾਦਾਂ ਨਾ ਵੇਚਣ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਮਈ
ਪੰਜਾਬ ਮੰਡੀ ਬੋਰਡ ਵੱਲੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀਆਂ ਵਪਾਰਕ ਜਾਇਦਾਦਾਂ ਵੇਚਣ ਦਾ ਪਤਾ ਲੱਗਣ ’ਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਦੀ ਅਗਵਾਈ ਵਿਚ ਆੜ੍ਹਤੀਆਂ ਦੇ ਵਫ਼ਦ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਜਿਸ ’ਤੇ ਮੰਤਰੀ ਨੇ ਆੜ੍ਹਤੀਆਂ ਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਤੁਰੰਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਵਫਦ ਦੀ ਮੀਟਿੰਗ ਕਰਵਾਈ ਅਤੇ ਉਨ੍ਹਾਂ ਨੂੰ ਆੜ੍ਹਤੀਆਂ ਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣੂੰ ਕਰਵਾਇਆ।
ਚੇਅਰਮੈਨ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਬੋਰਡ ਪੰਜਾਬ ਨੇ ਖੰਨਾ ਦੇ ਸਮਰਾਲਾ ਰੋਡ ’ਤੇ ਰਹੌਣ ਅਨਾਜ ਮੰਡੀ ਵਿਚ ਪਹਿਲਾ ਤੋਂ ਨਿਰਧਾਰਤ ਕੁਝ ਵਪਾਰਕ ਥਾਵਾਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਕਣਕ ਅਤੇ ਝੋਨੇ ਦੇ ਸੀਜ਼ਨ ਵਿਚ ਖੰਨਾ ਮੰਡੀ ਦੇ ਵਪਾਰੀਆਂ ਨੂੰ ਜਾਰੀ ਕੀਤੇ ਗਏ ਯਾਰਡ ਪਹਿਲਾਂ ਹੀ ਫਸਲ ਲਈ ਨਾਕਾਫ਼ੀ ਹਨ। ਅਜਿਹੀ ਸਥਿਤੀ ਵਿਚ ਜੇਕਰ ਪੰਜਾਬ ਮੰਡੀ ਬੋਰਡ ਰਹੌਣ ਦੀ ਅਨਾਜ ਮੰਡੀ ਵਿਚ ਵਪਾਰਕ ਥਾਵਾਂ ਲਈ ਬੋਲੀ ਲਾਉਂਦਾ ਹੈ ਤਾਂ ਜਗ੍ਹਾ ਦੀ ਘਾਟ ਆਵੇਗੀ। ਉਨ੍ਹਾਂ ਕਿਹਾ ਕਿ ਇਹ ਥਾਵਾਂ ਵੇਚਣ ਨਾਲ ਵੱਡਾ ਨੁਕਸਾਨ ਹੋਵੇਗਾ ਸਗੋਂ ਇਸ ਮੰਡੀ ਨੂੰ ਵੱਡਾ ਕਰਨ ਦੀ ਲੋੜ ਹੈ। ਮੰਤਰੀ ਸੌਂਦ ਨੇ ਕਿਹਾ ਕਿ ਰਹੌਣ ਮੰਡੀ ਵਿਚ ਵਪਾਰਕ ਥਾਵਾਂ ਲਈ ਬੋਲੀ ਜ਼ਰੂਰ ਕਰਵਾਈ ਜਾਵੇ ਪ੍ਰਤੂੰ ਇਸ ਤੋਂ ਪਹਿਲਾਂ ਪਿੰਡ ਦਹੇੜੂ ਦੀ ਉੱਪ ਮੰਡੀ ਵਿਚ ਇਕ ਯਾਰਡ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸੀਜ਼ਨ ਵਿਚ ਆੜ੍ਹਤੀਆਂ ਨੂੰ ਜਗ੍ਹਾ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਸ੍ਰੀ ਖੁੱਡੀਆਂ ਨੇ ਤੁਰੰਤ ਸਕੱਤਰ ਨੂੰ ਇਸ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਕਿ ਇਹ ਥਾਵਾਂ ਨਾ ਵੇਚੀਆਂ ਜਾਣ। ਇਸ ਮੌਕੇ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਰਣਜੀਤ ਸਿੰਘ ਔਜਲਾ, ਗੁਰਚਰਨ ਸਿੰਘ ਢੀਂਡਸਾ, ਦਿਲਬਾਗ ਸਿੰਘ ਬਬਲੀ, ਗੁਲਜ਼ਾਰ ਸਿੰਘ, ਮਨਦੀਪ ਸਿੰਘ ਕਾਹਲੋਂ, ਹੁਕਮ ਚੰਦ ਸ਼ਰਮਾ, ਸੰਜੀਵ ਬੈਕਟਰ, ਮੁਨੀਸ਼ ਗਰਗ, ਅਮਨ ਜਿੰਦਰ, ਜਿੰਮੀ ਗੋਇਲ, ਕਮਲਜੀਤਿ ਸੰਘ ਮਾਨ, ਹਰਬੰਸ ਸਿੰਘ ਤੇ ਹੋਰ ਹਾਜ਼ਰ ਸਨ