ਪਾਤੜਾਂ: ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਮੀਤ ਪ੍ਰਧਾਨ ਪਾਲ ਸਿੰਘ ਅਰਨੌ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਪਾਤੜਾਂ ’ਚ ਹੋਈ। ਮੀਟਿੰਗ ਵਿੱਚ ਪਿੰਡਾਂ ਦੇ ਚੌਕੀਦਾਰਾਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਦੌਰਾਨ ਚੌਕੀਦਾਰਾਂ ਦੀਆਂ ਲਟਕਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਜਥੇਬੰਦੀ ਦੇ ਪ੍ਰਧਾਨ ਸਤਿਗੁਰ ਸਿੰਘ ਮਾਝੀ ਤੇ ਕਾਕਾ ਸਿੰਘ ਕਕਰਾਲਾ ਨੇ ਜਥੇਬੰਦੀ ਦੇ ਪਿਛਲੇ 5 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਹੈ ਕਿ 23 ਜਨਵਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਚੌਕੀਦਾਰਾਂ ਨੂੰ ਅਪੀਲ ਕੀਤੀ ਕਿ ਧਰਨੇ ਦੀ ਸਫਲਤਾ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ। ਇਸ ਮੌਕੇ ਗੁਰਮੇਲ ਸਿੰਘ ਬਹਿਰਜੱਛ, ਅਮਰੀਕ ਸਿੰਘ ਸ਼ੁਤਰਾਣਾ, ਗੁਰਤੇਜ ਸਿੰਘ ਦੁਗਾਲ ਤੇ ਬਬਲੀ ਸਿੰਘ ਮੌਲਵੀਵਾਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ