ਆਜ਼ਾਦ ਉਮੀਦਵਾਰ ਦੀਪਾ ਰਾਣੀ ‘ਆਪ’ ’ਚ ਸ਼ਾਮਲ
ਮੇਅਰ ਬਣਾਉਣ ਦੇ ਜੋੜ ਤੋੜ ਵਿੱਚ ਲੱਗੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਅੱਜ ਇਕ ਹੋਰ ਕੌਂਸਲਰ ਸ਼ਾਮਲ ਹੋ ਗਈ ਹੈ। ਨਿਗਮ ਚੋਣਾਂ ਵਿੱਚ ਵਾਰਡ ਨੰਬਰ 11 ਤੋਂ ਆਜ਼ਾਦ ੳਮੀਦਵਾਰ ਵਜੋਂ ਜਿੱਤੀ ਦੀਪਾ ਰਾਣੀ ਚੌਧਰੀ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਮਗਰੋਂ ਹੁਣ ‘ਆਪ’ ਦੇ ਕੌਂਸਲਰਾਂ ਦੀ ਗਿਣਤੀ 42 ਹੋ ਗਈ ਹੈ। ਦੀਪਾ ਰਾਣੀ ਚੌਧਰੀ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ‘ਆਪ’ ਵਿੱਚ ਸ਼ਾਮਲ ਹੋਈ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਦਾਅਵਾ ਕੀਤਾ ਕਿ ਜਲਦ ਹੀ ‘ਆਪ’ ਲੁਧਿਆਣਾ ਵਿੱਚ ਆਪਣਾ ਮੇਅਰ ਬਣਾਵੇਗੀ ਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ।
ਇਸ ਦੌਰਾਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਦੀਪਾ ਰਾਣੀ ਨੇ ਨਗਰ ਨਿਗਮ ਚੋਣਾਂ ਵਿੱਚ ਵੱਧਿਆ ਪ੍ਰਦਰਸ਼ਨ ਕੀਤਾ ਸੀ, ਲੋਕਾਂ ਨੇ ਆਜ਼ਾਦ ਉਮੀਦਵਾਰ ਵੱਜੋਂ ਉਨ੍ਹਾਂ ਨੂੰ ਜਿੱਤ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਾਰਜਾਂ ਨੂੰ ਦੇਖਦੇ ਹੋਏ ‘ਆਪ’ ਵਿੱਚ ਸ਼ਾਮਲ ਵਿਚ ਹੋਣ ਦੀ ਗਲ ਕਹੀ ਸੀ। ਦੀਪਾ ਰਾਣੀ ਚੌਧਰੀ ਨੂੰ ਅੱਜ ਰੱਸਮੀ ਤੌਰ ’ਤੇ ‘ਆਪ’ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਇਸ ਮੌਕੇ ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈੱਡ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ‘ਆਪ’ ਆਗੂਆਂ ਨੇ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ 41 ਕੌਂਸਲਰਾਂ ਦਾ ਸਨਮਾਨ ਵੀ ਕੀਤਾ। ਸਮਾਗਮ ਦੌਰਾਨ ਸਾਰੇ ਹੀ ਕੌਂਸਲਰਾਂ ਨੂੰ ‘ਆਪ’ ਆਗੂਆਂ ਨੇ ਵਧਾਈ ਦਿੱਤੀ ਤੇ ਜਲਦ ਹੀ ਮੇਅਰ ਦਾ ਐਲਾਨ ਕਰਨ ਦਾ ਦਾਅਵਾ ਕੀਤਾ।