ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਖ਼ਰੀ ਜਨਮ ਦਿਨ

12:36 AM Jun 09, 2023 IST

ਹਰਦੇਵ ਸਿੰਘ ਸੁੱਖਗੜ੍ਹ

Advertisement

ਬਜ਼ੁਰਗ ਮਾਪੇ ਘਰ ਦੀ ਸ਼ਾਨ ਹੁੰਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਉਨ੍ਹਾਂ ਬਹੁਤ ਸਾਰੇ ਦੁੱਖ-ਸੁੱਖ ਆਪਣੇ ਪਿੰਡੇ ‘ਤੇ ਹੰਢਾਏ ਹੁੰਦੇ ਹਨ। ਜਿਨ੍ਹਾਂ ਦੇ ਘਰ ਬਜ਼ੁਰਗ ਮਾਂ-ਬਾਪ ਬੈਠੇ ਹੁੰਦੇ ਹਨ, ਉਹ ਘਰ ਸਾਦਗੀ ਭਰੇ ਹੁੰਦੇ ਹਨ। ਘਰ ਬਰਕਤ ਵਾਲੇ ਹੁੰਦੇ ਹਨ। ਮਾਂ-ਬਾਪ ਹੀ ਬੱਚਿਆਂ ਦੀ ਖੁਸ਼ੀ ਵਿਚਚ ਖੁਸ਼ ਹੁੰਦੇ ਹਨ। ਅਸੀਂ ਪੜ੍ਹ-ਲਿਖ ਕੇ ਖ਼ੁਦ ਨੂੰ ਜਿੰਨੇ ਮਰਜ਼ੀ ਅਕਲਮੰਦ ਜਾਂ ਸਮਝਦਾਰ ਸਮਝੀਏ, ਬਜ਼ੁਰਗਾਂ ਦਾ ਸਥਾਨ ਨਹੀਂ ਪਾ ਸਕਦੇ। ਬਜ਼ੁਰਗਾਂ ਦੇ ਜਹਾਨੋਂ ਕੂਚ ਕਰਨ ਤੋਂ ਬਾਅਦ ਹੀ ਉਨ੍ਹਾਂ ਦੀ ਅਸਲ ਕੀਮਤ ਸਮਝ ਪੈਂਦੀ ਹੈ।

ਮੌਤ ਅਟਲ ਸਚਾਈ ਹੈ। ਹਰ ਇਕ ਨੇ ਆਪੋ-ਆਪਣੀ ਵਾਰੀ ਅਨੁਸਾਰ ਤੁਰ ਜਾਣਾ ਹੈ। ਜੇ ਕੋਈ ਜਵਾਨੀ ਵਿਚ ਚਲਾ ਜਾਵੇ ਤਾਂ ਪਰਿਵਾਰ ਨੂੰ ਜ਼ਿਆਦਾ ਦੁੱਖ ਹੁੰਦਾ ਹੈ ਪਰ ਜੇ ਕੋਈ ਲੰਮੀ ਉਮਰ ਭੋਗ ਕੇ ਜਾਵੇ ਤਾਂ ਉਸ ਦਾ ਦੁੱਖ ਥੋੜ੍ਹਾ ਘੱਟ ਹੁੰਦਾ ਹੈ। ਅਸੀਂ ਇਸ ਗੱਲੋਂ ਥੋੜ੍ਹਾ ਸੰਤੁਸ਼ਟ ਜ਼ਰੂਰ ਹਾਂ ਕਿ ਬਾਪੂ ਜੀ ਨੇ ਲਗਪਗ 102 ਸਾਲ ਦੀ ਉਮਰ ਭੋਗ ਕੇ ਸਾਨੂੰ ਵਿਛੋੜਾ ਦਿੱਤਾ। ਪਰ ਉਨ੍ਹਾਂ ਦਾ ਅਕਾਲ ਚਲਾਣਾ ਸਾਡੇ ਲਈ ਅਸਹਿ ਹੈ। ਬਾਪੂ ਜੀ ਨੂੰ ਆਪਣੀ ਜਨਮ ਤਰੀਕ ਜਾਂ ਸਾਲ ਦਾ ਤਾਂ ਪਤਾ ਨਹੀਂ ਸੀ, ਜਿਸ ਹਿਸਾਬ ਨਾਲ ਉਹ ਅੰਗਰੇਜ਼ੀ ਹਕੂਮਤ ਜਾਂ 1947 ਦੀ ਵੰਡ ਵੇਲੇ ਜੁਆਨ ਹੋਣ ਦੀ ਗੱਲ ਕਰਦੇ ਸਨ ਤਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਦੀ ਉਮਰ 102 ਸਾਲ ਦੇ ਕਰੀਬ ਬਣਦੀ ਸੀ। ਉਨ੍ਹਾਂ ਵੇਲਿਆਂ ਵਿਚ ਜਨਮ ਤਰੀਕਾਂ ਨੂੰ ਕੌਣ ਯਾਦ ਰੱਖਦਾ ਸੀ।

Advertisement

ਏਨੀ ਉਮਰ ਹੋਣ ਦੇ ਬਾਵਜੂਦ ਉਹ ਛੋਟੀਆਂ-ਮੋਟੀਆਂ ਤਕਲੀਫਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਤੰਦਰੁਸਤ ਸਨ। ਨੇੜੇ ਦੀ ਅੱਖਾਂ ਦੀ ਰੋਸ਼ਨੀ ਕਾਇਮ ਸੀ। ਦੂਰ ਵਾਲੀ ਨਜ਼ਰ ਦੀ ਛੋਟੇ ਨੰਬਰ ਵਾਲੀ ਐਨਕ ਲਗਾ ਲੈਂਦੇ ਸਨ। ਨਾ ਕੋਈ ਸ਼ੂਗਰ, ਨਾ ਬੀਪੀ, ਨਾ ਹੀ ਕੋਈ ਹੋਰ ਗੰਭੀਰ ਬਿਮਾਰੀ ਸੀ। ਦੰਦ ਜ਼ਰੂਰ ਟੁੱਟ ਗਏ ਸਨ, ਪਰ ਬਣਾਉਟੀ ਦੰਦਾਂ ਨਾਲ ਖਾਣਾ-ਪੀਣਾ ਠੀਕ-ਠਾਕ ਸੀ। ਅਖੀਰ ਵੇਲੇ ਕੰਨਾਂ ਤੋਂ ਵੀ ਉੱਚਾ ਸੁਣਨ ਲੱਗ ਪਿਆ ਸੀ। ਪਿੰਡ ਦਾ ਹਰ ਬੰਦਾ ਉਨ੍ਹਾਂ ਦੀ ਤੰਦਰੁਸਤੀ ਅਤੇ ਸਾਫ-ਸੁਥਰੀ ਜ਼ਿੰਦਗੀ ਤੋਂ ਪ੍ਰਭਾਵਿਤ ਸੀ। ਅਖੀਰ ਤੱਕ ਇਕ ਖੁੰਡੀ ਦੇ ਸਹਾਰੇ ਨਾਲ ਗਲੀ ਵਿਚ ਸੈਰ ਵੀ ਕਰ ਲੈਂਦੇ ਸਨ। ਹਰ ਕਦਮ ‘ਤੇ ਵਾਹਿਗੁਰੂ-ਸਤਿਨਾਮ ਦਾ ਸ਼ਬਦ ਮੂੰਹੋਂ ਨਿਕਲਦਾ ਸੀ। ਪੰਛੀਆਂ ਨੂੰ ਛੱਤ ‘ਤੇ ਪਾਣੀ ਰੱਖਦੇ। ਆਪਣੇ ਖਾਣੇ ਵਿਚ ਇਕ ਰੋਟੀ ਵਾਧੂ ਮੰਗਦੇ, ਉਸ ਰੋਟੀ ਦੇ ਟੁਕੜੇ-ਟੁਕੜੇ ਕਰ ਕੇ ਪੰਛੀਆਂ ਨੂੰ ਪਾਉਂਦੇ। ਛੱਤ ‘ਤੇ ਪੰਛੀ ਉਨ੍ਹਾਂ ਦੇ ਆਲੇ-ਦੁਆਲੇ ਚਹਿਕਦੇ ਰਹਿੰਦੇ ਸਨ। ਗਲੀ ਦੇ ਕੁੱਤੇ ਵੀ ਉਨ੍ਹਾਂ ਨੂੰ ਲਾਡ ਕਰਦੇ ਸਨ। ਮਜ਼ਬੂਤ ਇਰਾਦਾ ਤੇ ਪੂਰੇ ਹੌਸਲੇ ਵਾਲੇ ਪੁਰਸ਼ ਸਨ। ਬਾਪੂ ਜੀ ਸਵੇਰੇ 3.30 ਵਜੇ ਹੀ ਉੱਠ ਜਾਂਦੇ ਸਨ। ਅਸੀਂ ਜਿੰਨੇ ਮਰਜ਼ੀ ਛੇਤੀ ਉਠਣਾ ਹੋਵੇ, ਉਨ੍ਹਾਂ ਦੇ ਹੁੰਦਿਆਂ ਸਾਨੂੰ ਕਦੇ ਅਲਾਰਮ ਦੀ ਜ਼ਰੂਰਤ ਨਹੀਂ ਪਈ। ਉਹ ਆਪ ਹੀ ਜਗਾ ਦਿੰਦੇ ਸਨ। ਗਰਮੀ ਹੋਵੇ ਜਾਂ ਪੋਹ-ਮਾਘ ਦੀ ਕੜਾਕੇ ਦੀ ਠੰਢ, ਹਰ ਰੋਜ਼ ਤੜਕੇ ਨਹਾਉਣਾ ਉਨ੍ਹਾਂ ਦੀ ਆਦਤ ਸੀ। ਨਹਾ ਕੇ ਆਪਣੀ ਚਾਹ ਆਪ ਹੀ ਬਣਾ ਲੈਂਦੇ। ਚਾਹ ਪੀਣ ਤੋਂ ਬਾਅਦ ਪਾਠ ਕਰਨਾ। ਘੰਟਿਆਂ ਬੱਧੀ ਪਾਠ ‘ਤੇ ਬੈਠੇ ਰਹਿਣਾ। ਕਦੇ ਸਕੂਲ ਪੜ੍ਹਨ ਨਹੀਂ ਗਏ ਸਨ, ਪਰ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ ਅਤੇ ਦਸਤਖ਼ਤ ਵੀ ਕਰ ਲੈਂਦੇ ਸਨ। ਐਨੀ ਉਮਰ ਵਿਚ ਵੀ ਬਿਨਾਂ ਐਨਕ ਤੋਂ ਅਖਬਾਰ ਪੜ੍ਹਦੇ ਸਨ। ‘ਪੰਜਾਬੀ ਟ੍ਰਿਬਿਊਨ’ ਦੇ ਪੱਕੇ ਰੀਡਰ ਸਨ। 1978 ਵਿਚ ਜਦੋਂ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਇਆ ਸੀ, ਉਦੋਂ ਤੋਂ ਹੀ ਇਸ ਅਖਬਾਰ ਨਾਲ ਜੁੜ ਗਏ ਸਨ। ਹੋਰ ਕੋਈ ਅਖਬਾਰ ਉਨ੍ਹਾਂ ਨੂੰ ਪਸੰਦ ਨਾ ਆਉਂਦਾ। ਜੇ ਅਸੀਂ ਉਨ੍ਹਾਂ ਨੂੰ ਕੋਈ ਹੋਰ ਅਖਬਾਰ ਦੇ ਦਿੰਦੇ ਤਾਂ ਉਹ ਆਖਦੇ ਕਿ ‘ਮੈਨੂੰ ਤਾਂ ਟ੍ਰਿਬਿਊਨ ਹੀ ਚੰਗੀ ਲਗਦੀ ਹੈ। ਇਸ ਅਖਬਾਰ ਦੀ ਛਪਾਈ ਬਹੁਤ ਵਧੀਆ ਹੈ ਅਤੇ ਅੱਖਰ ਮੋਟਾ ਹੁੰਦਾ ਹੈ।’ ਸ਼ਾਇਦ ਉਹ ‘ਪੰਜਾਬੀ ਟ੍ਰਿਬਿਊਨ’ ਦੇ ਸਭ ਤੋਂ ਵਡੇਰੀ ਉਮਰ ਦੇ ਪਾਠਕ ਹੋਣਗੇ। ਅਖਬਾਰ ਵਿਚਲੀ ਇਕ-ਦੋ ਖਬਰ ਜਿਹੜੀ ਉਨ੍ਹਾਂ ਨੂੰ ਚੰਗੀ ਲਗਦੀ, ਸਾਨੂੰ ਬੋਲ ਕੇ ਦੱਸ ਵੀ ਦਿੰਦੇ। ਅਸੀਂ ਵੀ ਉਸ ਦੇ ਦੁਆਲੇ ਬੈਠ ਕੇ ਅਖਬਾਰ ਪੜ੍ਹਦੇ ਅਤੇ ਗੱਲਾਂ ਕਰਦੇ ਰਹਿੰਦੇ। ਫੌਜ ਵਿਚ ਰਹਿਣ ਕਰਕੇ ਭਾਰਤ ਦੇ ਕੋਨੇ-ਕੋਨੇ ਤੋਂ ਵਾਕਫ ਸਨ। ਦਿੱਲੀ ਲਾਲ ਕਿਲੇ ‘ਤੇ 26 ਜਨਵਰੀ ਤੇ 15 ਅਗਸਤ ਦੀ ਪਰੇਡ ਨੂੰ ਟੀਵੀ ‘ਤੇ ਵੇਖ ਕੇ ਬਹੁਤ ਖੁਸ਼ ਹੁੰਦੇ ਸਨ। ਇਨ੍ਹਾਂ ਤਰੀਕਾਂ ਨੂੰ ਸਵੇਰੇ ਸਾਝਰੇ ਹੀ ਟੀਵੀ ਅੱਗੇ ਬੈਠ ਜਾਦੇ। ਯਾਦਾਸ਼ਤ ਏਨੀ ਤੇਜ਼ ਸੀ ਕਿ ਪੁਰਾਣੀਆਂ ਸਭ ਗੱਲਾਂ ਉਨ੍ਹਾਂ ਨੂੰ ਯਾਦ ਸਨ। ਦਿਨ ਵੇਲੇ ਉਹ ਹੋਰ ਕਿਤਾਬਾਂ ਪੜ੍ਹਦੇ ਰਹਿੰਦੇ।

ਮਿਡਲ ਡਿਊਟੀ ਹੋਣ ਕਾਰਨ ਮੈਂ ਰਾਤ ਨੂੰ 10.30 ਵਜੇ ਘਰ ਪਹੁੰਚਦਾ ਹਾਂ। ਜੇ ਮੈਂ ਦਫਤਰ ਵਿਚ ਕੰਮ ਕਾਰਨ ਲੇਟ ਹੋ ਜਾਂਦਾ ਤਾਂ ਉਨ੍ਹਾਂ ਬੱਚਿਆਂ ਨੂੰ ਆਵਾਜ਼ਾਂ ਮਾਰ ਕੇ ਟੈਲੀਫੋਨ ਕਰਨ ਲਈ ਕਹਿਣਾ। ਜਦੋਂ ਮੈਂ ਘਰ ਪਹੁੰਚਦਾ, ਮੰਜੇ ‘ਤੇ ਮੇਰੀ ਉਡੀਕ ਵਿਚ ਬੈਠੇ ਹੁੰਦੇ। ਮੇਰੇ ਪਹੁੰਚਣ ਤੋਂ ਬਾਅਦ ਹੀ ਆਪ ਸੌਣਾ। ਪਿੰਡ ਦੇ ਸਾਰੇ ਲੋਕ ਉਸ ਨੂੰ ਬਾਪੂ ਜਾਂ ਤਾਇਆ ਕਹਿ ਕੇ ਪੁਕਾਰਦੇ ਸਨ। ਸਭ ਨੇ ਉਨ੍ਹਾਂ ਨੂੰ ਸਤ ਸ੍ਰੀ ਅਕਾਲ ਬੁਲਾਉਣੀ। ਆਪ ਸਭ ਨੂੰ ਸਿਰ ਪਲੋਸ ਕੇ ਪਿਆਰ ਦਿੰਦੇ। ਜੇ ਕੋਈ ਦੋ ਚਾਰ ਦਿਨ ਨਾ ਦਿਸਦਾ ਤਾਂ ਉਸ ਨੂੰ ਪੁੱਛਦੇ ਕੀ ਗੱਲ ਸਿਹਤ ਠੀਕ ਹੈ, ਕਈ ਦਿਨ ਹੋ ਗਏ ਦਿਸਿਆ ਨੀ। ਗੇਟ ਦੇ ਸਾਹਮਣੇ ਆਪਣਾ ਮੰਜਾ ਡੁਹਾ ਲੈਣਾ, ਤਾਂ ਕਿ ਗਲੀ ਵਿਚੋਂ ਲੰਘਦੇ ਬੰਦੇ ਉਨ੍ਹਾਂ ਨੂੰ ਦਿਸ ਪੈਣ।

ਮੌਤ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਜਾਣ ਦਾ ਟਾਈਮ ਆ ਗਿਆ ਹੈ। ਇਸ ਲਈ ਉਸ ਨੇ ਨੇੜਲੇ ਸਕੇ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਮੈਂ ਘਰ ਵਿਚ ਅਖੰਡ ਪਾਠ ਸਾਹਿਬ ਕਰਵਾ ਕੇ ਭੋਗ ਸਮੇਂ ਸਭ ਨੂੰ ਬੁਲਾ ਕੇ ਉਸ ਨੂੰ ਮਿਲਾ ਦਿੱਤਾ। ਆਏ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਉਨ੍ਹਾਂ ਦਾ 102 ਸਾਲਾ ਜਨਮ ਦਿਨ ਵੀ ਮਨਾਇਆ ਤੇ ਕੇਕ ਕਟਵਾਇਆ। ਸਭ ਨੂੰ ਮਿਲ ਕੇ ਬੜੇ ਖੁਸ਼ ਹੋਏ, ਕਈ ਰਿਸ਼ਤੇਦਾਰਾਂ ਨੂੰ ਉਨ੍ਹਾਂ ਇਹ ਵੀ ਆਖਿਆ, ‘ਬਥੇਰਾ ਕੁਝ ਵੇਖ ਲਿਆ ਹੈ, ਹੁਣ ਚਲੇ ਜਾਣਾ ਹੀ ਠੀਕ ਹੈ’। ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਕੇਕ ਕੱਟਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਾਲ ਸੀ। ਉਨ੍ਹਾਂ ਦੇ ਰਹਿਣ-ਸਹਿਣ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੈ। ਘੱਟ ਬੋਲਣ ਅਤੇ ਠੋਸ ਬੋਲਣ ਦੀ ਸਲਾਹ ਦਿੰਦੇ ਸਨ। ਔਖੇ ਤੋਂ ਔਖੇ ਪਲਾਂ ਵਿਚ ਵੀ ਸਾਨੂੰ ਅਜਿਹੀ ਸਲਾਹ ਦਿੰਦੇ ਕਿ ਸਾਡਾ ਮਸਲਾ ਹੱਲ ਹੋ ਜਾਂਦਾ ਸੀ। ਉਨ੍ਹਾਂ ਦੇ ਰਹਿੰਦਿਆਂ ਅਸੀਂ ਬੇਫਿਕਰ ਸਾਂ। ਅਸੀਂ ਘਰ ਨੂੰ ਕਦੇ ਵੀ ਤਾਲਾ ਨਹੀਂ ਲਾਇਆ। ਉਨ੍ਹਾਂ ਦਾ ਜਾਣਾ ਸਾਡੇ ਲਈ ਬਹੁਤ ਵੱਡਾ ਘਾਟਾ ਹੈ। ਘਰ ਸੁੰਨਾ-ਸੁੰਨਾ ਲਗਦਾ ਹੈ। ਉਹ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ।
ਸੰਪਰਕ: 94172-16680

Advertisement