ਆਈਪੀਐੱਲ: ਪੰਜਾਬ ਤੇ ਬੰਗਲੂਰੂ ਵਿਚਾਲੇ ਫਾਈਨਲ ਅੱਜ
ਅਹਿਮਦਾਬਾਦ, 2 ਜੂਨ
ਰੌਇਲ ਚੈਲੇਂਜਰਜ਼ ਬੰਗਲੂਰੂ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਜਦੋਂ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਫਾਈਨਲ ਵਿੱਚ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ ਤਾਂ ਦੋਵੇਂ 18 ਸਾਲਾਂ ਦੀ ਉਡੀਕ ਖਤਮ ਕਰਦਿਆਂ ਇਹ ਵੱਕਾਰੀ ਟਰਾਫੀ ਜਿੱਤਣਾ ਚਾਹੁਣਗੀਆਂ। ਮੁੱਲਾਂਪੁਰ ਵਿੱਚ ਆਪਣੇ ਘਰੇਲੂ ਮੈਦਾਨ ’ਤੇ ਪਹਿਲੇ ਕੁਆਲੀਫਾਇਰ ਵਿੱਚ ਬੰਗਲੂਰੂ ਤੋਂ ਮਿਲੀ ਕਰਾਰੀ ਹਾਰ ਦੇ ਬਾਵਜੂਦ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਦੀ ਟੀਮ ਮੁੰਬਈ ਇੰਡੀਅਨਜ਼ ਖ਼ਿਲਾਫ਼ ਦੂਜੇ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਵਿੱਚ ਪੁੱਜੀ ਹੈ। ਪੰਜਾਬ ਨੇ ਪੰਜ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ 11 ਸਾਲਾਂ ਵਿੱਚ ਪਹਿਲੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਅਈਅਰ ਨੇ ਟੂਰਨਾਮੈਂਟ ਦੇ 18 ਸਾਲਾਂ ਦੇ ਇਤਿਹਾਸ ਵਿੱਚ ਤਿੰਨ ਵੱਖ-ਵੱਖ ਟੀਮਾਂ ਨੂੰ ਆਈਪੀਐੱਲ ਫਾਈਨਲ ਵਿੱਚ ਪਹੁੰਚਾਇਆ ਹੈ। ਮੁੰਬਈ ਖ਼ਿਲਾਫ਼ ਪਿਛਲੇ ਮੈਚ ਵਿੱਚ ਅਈਅਰ ਨੇ ਸ਼ਾਨਦਾਰੀ ਪਾਰੀ ਖੇਡੀ ਸੀ ਅਤੇ ਪੰਜਾਬ ਨੂੰ ਹੁਣ ਉਸ ਕੋਲੋਂ ਇੱਕ ਹੋਰ ਵੱਡੀ ਪਾਰੀ ਦੀ ਉਮੀਦ ਹੋਵੇਗੀ। ਅਈਅਰ ਤੋਂ ਇਲਾਵਾ ਪੰਜਾਬ ਦੀ ਟੀਮ ਵਿੱਚ ਪ੍ਰਭਸਿਮਰਨ ਸਿੰਘ, ਜੋਸ਼ ਇੰਗਲਿਸ, ਪ੍ਰਿਯਾਂਸ਼ ਆਰੀਆ ਅਤੇ ਸ਼ਸ਼ਾਂਕ ਸਿੰਘ ਦੇ ਰੂਪ ਵਿੱਚ ਚੰਗੇ ਬੱਲੇਬਾਜ਼ ਹਨ। ਮਾਰਕੋ ਜਾਨਸਨ ਤੋਂ ਬਿਨਾਂ ਪੰਜਾਬ ਦੀ ਗੇਂਦਬਾਜ਼ੀ ਥੋੜ੍ਹੀ ਕਮਜ਼ੋਰ ਲੱਗ ਰਹੀ ਹੈ। ਟੀਮ ਨੂੰ ਸਪਿੰਨਰ ਯੁਜ਼ਵੇਂਦਰ ਚਾਹਲ ਤੋਂ ਆਪਣੀ ਪੁਰਾਣੀ ਟੀਮ ਖ਼ਿਲਾਫ਼ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਮੈਚ ਵਿੱਚ ਸਾਰਿਆਂ ਦੀ ਨਜ਼ਰ ਵਿਰਾਟ ਕੋਹਲੀ ’ਤੇ ਵੀ ਹੋਵੇਗੀ। ਕੋਹਲੀ ਸ਼ੁਰੂ ਤੋਂ ਹੀ ਬੰਗਲੂਰੂ ਨਾਲ ਜੁੜਿਆ ਹੋਣ ਦੇ ਬਾਵਜੂਦ ਹਾਲੇ ਤੱਕ ਆਪਣੀ ਟੀਮ ਨੂੰ ਚੈਂਪੀਅਨ ਨਹੀਂ ਬਣਾ ਸਕਿਆ। -ਪੀਟੀਆਈ
ਅਈਅਰ ਤੇ ਪਾਂਡਿਆ ਨੂੰ ਜੁਰਮਾਨਾ
ਅਹਿਮਦਾਬਾਦ: ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇੱਥੇ ਆਈਪੀਐੱਲ ਦੇ ਦੂਜੇ ਕੁਆਲੀਫਾਇਰ ਦੌਰਾਨ ਧੀਮੀ ਓਵਰ ਗਤੀ ਲਈ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਜ਼ਾਬਤੇ ਤਹਿਤ ਅਈਅਰ ਦੀ ਟੀਮ ਦਾ ਇਹ ਦੂਜਾ ਅਪਰਾਧ ਸੀ, ਜਿਸ ਕਰਕੇ ਉਸ ਨੂੰ 24 ਲੱਖ ਰੁਪਏ ਲਾਇਆ ਗਿਆ। ਪਾਂਡਿਆ ਨੂੰ ਉਸ ਦੇ ਤੀਜੇ ਅਪਰਾਧ ਲਈ 30 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। ਇਸੇ ਤਰ੍ਹਾਂ ਪੰਜਾਬ ਦੀ ਟੀਮ ਦੇ ਬਾਕੀ ਖਿਡਾਰੀਆਂ ਨੂੰ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫੀਸਦ (ਜੋ ਵੀ ਘੱਟ ਹੋਵੇ) ਜੁਰਮਾਨਾ ਲੱਗਾ, ਜਦਕਿ ਮੁੰਬਈ ਇੰਡੀਅਨਜ਼ ਦੇ ਬਾਕੀ ਖਿਡਾਰੀਆਂ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। -ਪੀਟੀਆਈAdvertisement