ਆਈਐੱਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਗੁਰਦਾਸਪੁਰ (ਕੇ ਪੀ ਸਿੰਘ): ਇੱਥੋਂ ਦੀ ਪੁਲੀਸ ਨੇ ਭਾਰਤੀ ਹਥਿਆਰਬੰਦ ਬਲਾਂ ਬਾਰੇ ਅਹਿਮ ਤੇ ਖ਼ੁਫ਼ੀਆ ਜਾਣਕਾਰੀ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਨੂੰ ਲੀਕ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 19-20 ਸਾਲ ਦਰਮਿਆਨ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਮੋਬਾਈਲ ਫੋਨ ਅਤੇ .30 ਬੋਰ ਦੇ ਅੱਠ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਦਾਸਪੁਰ ਦੇ ਪਿੰਡ ਆਦੀਆਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਅਤੇ ਗੁਰਦਾਸਪੁਰ ਦੇ ਚੰਦੂ ਵਡਾਲਾ ਦੇ ਰਹਿਣ ਵਾਲੇ ਕਰਨਬੀਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲੀਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ‘ਅਪਰੇਸ਼ਨ ਸਿੰਧੂਰ’ ਜਿਸ ਵਿੱਚ ਹਥਿਆਰਬੰਦ ਬਲਾਂ ਦੀਆਂ ਗਤੀਵਿਧੀਆਂ ਅਤੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਰਣਨੀਤਕ ਥਾਵਾਂ ਸਬੰਧੀ ਸੰਵੇਦਨਸ਼ੀਲ ਜਾਣਕਾਰੀ ਆਪਣੇ ਆਈਐੱਸਆਈ ਹੈਂਡਲਰਾਂ ਨੂੰ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਦੋਵੇਂ ਜਣੇ ਆਈਐੱਸਆਈ ਦੇ ਕਾਰਕੁਨਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਆਈਐੱਸਆਈ ਨੂੰ ਭਾਰਤੀ ਹਥਿਆਰਬੰਦ ਬਲਾਂ ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀ। ਇਸ ਮਾਮਲੇ ਵਿੱਚ ਡੂੰਘਾਈ ਨਾਲ ਚੱਲ ਰਹੀ ਤਫ਼ਤੀਸ਼ ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਬੀਤੀ 15 ਮਈ ਨੂੰ ਭਰੋਸੇਯੋਗ ਸੂਤਰਾਂ ਦੀ ਖ਼ੁਫ਼ੀਆ ਇਤਲਾਹ ਮਗਰੋਂ ਕਾਬੂ ਕੀਤੇ ਗਏ ਸੁਖਪ੍ਰੀਤ ਸਿੰਘ ਅਤੇ ਕਰਨਬੀਰ ਸਿੰਘ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਤੋਂ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿੱਤੀ ਲਾਭਾਂ ਲਈ ਫ਼ੌਜ ਦੀ ਗੁਪਤ ਜਾਣਕਾਰੀ ਪਾਕਿਸਤਾਨੀ ਖੁਫ਼ੀਆ ਏਜੰਸੀ ਨੂੰ ਭੇਜ ਰਹੇ ਸਨ।

ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ
ਗੂਹਲਾ ਚੀਕਾ/ਕੈੱਥਲ (ਰਾਮ ਕੇ ਮਿੱਤਲ): ਇੱਥੋਂ ਦੀ ਅਦਾਲਤ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਮਸਤਗੜ੍ਹ ਵਾਸੀ ਦਵਿੰਦਰ ਸਿੰਘ ਢਿੱਲੋਂ ਨੂੰ ਅੱਜ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਗਿਆ। ਫੋਰੈਂਸਿਕ ਟੀਮ ਨੇ ਦੇਵੇਂਦਰ ਦੇ ਦੋ ਫੋਨਾਂ ਤੋਂ ਡੇਟਾ ਬਰਾਮਦ ਕੀਤਾ ਹੈ। ਦੇਵੇਂਦਰ ਦੇ ਫੋਨ ਤੋਂ ਮਿਲੇ ਅੰਕੜਿਆਂ ਅਨੁਸਾਰ ਉਹ ਪਾਕਿਸਤਾਨ ਦੇ ਚਾਰ ਵਿਅਕਤੀਆਂ ਦੇ ਸੰਪਰਕ ਵਿੱਚ ਸੀ। ਉਸ ਨੇ ਫੜੇ ਜਾਣ ਤੋਂ ਪਹਿਲਾਂ ਆਪਣੇ ਫੋਨ ਦਾ ਡੇਟਾ ਡਿਲੀਟ ਕਰ ਦਿੱਤਾ ਸੀ। ਉਧਰ, ਸਿੱਖ ਭਾਈਚਾਰੇ ਦੇ ਇੱਕ ਸਮੂਹ ਨੇ ਦੇਵੇਂਦਰ ਸਿੰਘ ਦੇ ਸਮਰਥਨ ਵਿੱਚ ਕੈਥਲ ਦੀ ਪੁਲੀਸ ਕਪਤਾਨ ਆਸਥਾ ਮੋਦੀ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਦਵਿੰਦਰ ਸਿੰਘ ਨੂੰ ਝੂਠਾ ਫਸਾਇਆ ਗਿਆ ਹੈ, ਜੋ ਸਿੱਖਾਂ ਵਿਰੁੱਧ ਸਾਜ਼ਿਸ਼ ਹੈ। ਆਸਥਾ ਮੋਦੀ ਨੇ ਕਿਹਾ ਕਿ ਦਵਿੰਦਰ ਸਿੰਘ ਤੋਂ ਕੁਝ ਸ਼ੱਕੀ ਸਬੂਤ ਮਿਲੇ ਹਨ। ਉਸ ਦਾ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ।