ਆਈਐੱਮਐੱਫ ਨੇ ਪਾਕਿਸਤਾਨ ’ਤੇ 11 ਨਵੀਆਂ ਸ਼ਰਤਾਂ ਲਾਈਆਂ
ਪਾਕਿਸਤਾਨ ’ਤੇ ਲਾਈਆਂ ਗਈਆਂ ਨਵੀਆਂ ਸ਼ਰਤਾਂ ’ਚ 17,600 ਅਰਬ ਰੁਪਏ ਦੇ ਨਵੇਂ ਬਜਟ ਨੂੰ ਸੰਸਦ ਦੀ ਮਨਜ਼ੂਰੀ, ਬਿਜਲੀ ਬਿੱਲਾਂ ’ਤੇ ਕਰਜ਼ਾ ਭੁਗਤਾਨ ਸਰਚਾਰਜ ’ਚ ਵਾਧਾ ਤੇ ਤਿੰਨ ਸਾਲ ਪੁਰਾਣੀਆਂ ਕਾਰਾਂ ਦੀ ਦਰਾਮਦ ’ਤੇ ਪਾਬੰਦੀ ਹਟਾਉਣਾ ਸ਼ਾਮਲ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਆਈਐੱਮਐੱਫ ਵੱਲੋਂ ਬੀਤੇ ਦਿਨ ਜਾਰੀ ਕਰਮਚਾਰੀ ਪੱਧਰ ਦੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਇਸ ਪ੍ਰੋਗਰਾਮ ਦੇ ਵਿੱਤੀ, ਬਾਹਰੀ ਤੇ ਸੁਧਾਰ ਸਬੰਧੀ ਟੀਚਿਆਂ ਲਈ ਜੋਖਮ ਵੱਧ ਸਕਦੇ ਹਨ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਦੋ ਹਫ਼ਤਿਆਂ ’ਚ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ ਪਰ ਹੁਣ ਤੱਕ ਬਾਜ਼ਾਰ ਦੀ ਪ੍ਰਤੀਕਿਰਿਆ ਮਾਮੂਲੀ ਰਹੀ ਹੈ ਤੇ ਸ਼ੇਅਰ ਬਾਜ਼ਾਰ ਨੇ ਆਪਣੇ ਹਾਲੀਆ ਲਾਭ ਨੂੰ ਬਰਕਰਾਰ ਰੱਖਿਆ ਹੈ। ਆਈਐੱਮਐੱਫ ਦੀ ਰਿਪੋਰਟ ’ਚ ਅਗਲੇ ਵਿੱਤੀ ਸਾਲ ਲਈ ਰੱਖਿਆ ਬਜਟ 2,414 ਅਰਬ ਰੁਪਏ ਦਿਖਾਇਆ ਗਿਆ ਹੈ ਜੋ 252 ਅਰਬ ਰੁਪਏ ਜਾਂ 21 ਫੀਸਦ ਵੱਧ ਹੈ। ਆਈਐੱਮਐੱਫ ਦੇ ਅਨੁਮਾਨ ਮੁਕਾਬਲੇ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਨਾਲ ਟਕਰਾਅ ਵਧਣ ਤੋਂ ਬਾਅਦ ਰੱਖਿਆ ਖੇਤਰ ਲਈ 2500 ਅਰਬ ਰੁਪਏ ਜਾਂ 18 ਫੀਸਦ ਵੱਧ ਰਾਸ਼ੀ ਅਲਾਟ ਕਰਨ ਦਾ ਸੰਕੇਤ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਆਈਐੱਮਐੱਫ ਨੇ ਪਾਕਿਸਤਾਨ ’ਤੇ ਹੁਣ 11 ਹੋਰ ਸ਼ਰਤਾਂ ਲਾਈਆਂ ਹਨ। ਇਸ ਤਰ੍ਹਾਂ ਪਾਕਿਸਤਾਨ ’ਤੇ ਹੁਣ ਤੱਕ 50 ਸ਼ਰਤਾਂ ਲਾਈਆਂ ਜਾ ਚੁੱਕੀਆਂ ਹਨ। -ਪੀਟੀਆਈ
ਬਿਲਾਵਲ ਭੁੱਟੋ ਦੀ ਅਗਵਾਈ ਹੇਠ ਪਾਕਿ ਵੀ ਭੇਜੇਗਾ ਵਿਦੇਸ਼ ’ਚ ਵਫ਼ਦ
ਪ੍ਰਧਾਨ ਮੰਤਰੀ ਨੇ ਇਸ ਵਫ਼ਦ ਦੀ ਅਗਵਾਈ ਬਿਲਾਵਲ ਨੂੰ ਸੌਂਪੀ ਹੈ। ਸਰਕਾਰ ਵੱਲੋਂ ਸੰਚਾਲਿਤ ‘ਰੇਡੀਓ ਪਾਕਿਸਤਾਨ’ ਦੀ ਖ਼ਬਰ ਮੁਤਾਬਕ, ‘‘ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਭਾਰਤ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਵਿਸ਼ਵ ਦੇ ਪ੍ਰਮੁੱਖ ਅਰਥਚਾਰਿਆਂ ਦੀਆਂ ਰਾਜਧਾਨੀਆਂ ਵਿੱਚ ਇਕ ਉੱਚ ਪੱਧਰੀ ਵਫ਼ਦ ਭੇਜਣ ਦਾ ਫੈਸਲਾ ਲਿਆ ਹੈ।’’ ਬਿਲਾਵਲ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਪ੍ਰਧਾਨ ਮੰਤਰੀ (ਸ਼ਾਹਬਾਜ਼ ਸ਼ਰੀਫ) ਨੇ ਅੱਜ ਮੇਰੇ ਨਾਲ ਸੰਪਰਕ ਕੀਤਾ ਅਤੇ ਪਾਕਿਸਤਾਨ ਦਾ ਪੱਖ ਕੌਮਾਂਤਰੀ ਪਲੈਟਫਾਰਮ ’ਤੇ ਰੱਖਣ ਲਈ ਮੈਨੂੰ ਵਫ਼ਦ ਦੀ ਅਗਵਾਈ ਕਰਨ ਦੀ ਅਪੀਲ ਕੀਤੀ। ਮੈਂ ਇਸ ਅਹਿਮ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ’ਤੇ ਮਾਣ ਮਹਿਸੂਸ ਕਰਦਾ ਹਾਂ ਅਤੇ ਇਸ ਚੁਣੌਤੀਪੂਰਨ ਸਮੇਂ ਵਿੱਚ ਪਾਕਿਸਤਾਨ ਦੀ ਸੇਵਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਬਿਲਾਵਲ ਤੋਂ ਇਲਾਵਾ ਵਫ਼ਦ ਵਿੱਚ ਊਰਜਾ ਮੰਤਰੀ ਮੁਸੱਦਿਕ ਮਲਿਕ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਖੁੱਰਮ ਦਸਤਗੀਰ ਖਾਨ, ਸੰਸਦ ਮੈਂਬਰ ਸ਼ੈਰੀ ਰਹਿਮਾਨ, ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ, ਮੁਤਾਹਿਦਾ ਕੌਮੀ ਮੂਵਮੈਂਟ ਦੇ ਸੰਸਦ ਮੈਂਬਰ ਫੈਸਲ ਸਬਜ਼ਵਾਰੀ, ਸਾਬਕਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਅਤੇ ਜਲੀਲ ਅੱਬਾਸ ਜਿਲਾਨੀ ਸ਼ਾਮਲ ਹਨ। ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਵਫ਼ਦ ਹਾਲ ਹੀ ਵਿੱਚ ਹੋਏ ਸੰਘਰਸ਼ ਬਾਰੇ ਪਾਕਿਸਤਾਨ ਦੇ ਰੁਖ਼ ਨੂੰ ਸਾਹਮਣੇ ਰੱਖਣ ਲਈ ਜਲਦੀ ਹੀ ਅਮਰੀਕਾ, ਬਰਤਾਨੀਆ, ਬਰੱਸਲਜ਼, ਫਰਾਂਸ ਅਤੇ ਰੂਸ ਦਾ ਦੌਰਾ ਕਰੇਗਾ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਵਫ਼ਦ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਪਾਕਿਸਤਾਨ ਦੀਆਂ ਇਮਾਨਦਾਰ ਕੋਸ਼ਿਸ਼ਾਂ ਦਾ ਵੀ ਜ਼ਿਕਰ ਕਰੇਗਾ। -ਪੀਟੀਆਈ