ਆਇਸਾ ਦੀ ਸੂਬਾ ਪੱਧਰੀ ਕਾਨਫਰੰਸ ਸਮਾਪਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਮਈ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦਿੱਲੀ ਸੂਬੇ ਦੀ 12ਵੀਂ ਕਾਨਫਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਦੌਰਾਨ ਸਭ ਲਈ ਸਿੱਖਿਆ ਦੀ ਲੜਾਈ ਜਾਰੀ ਰੱਖਣ, ਨਵੀਂ ਸਿੱਖਿਆ ਨੀਤੀ ਤੇ ਸਿੱਖਿਆ ਦੇ ਨਿੱਜੀਕਰਨ ਤੇ ਭਗਵਾਂਕਰਨ ਦੇ ਵਿਰੋਧ ਕਰਨ ਸਮੇਤ ਕਈ ਮਤੇ ਪਾਸ ਕੀਤੇ ਗਏ।
ਇਸ ਮੌਕੇ ਸਿੱਖਿਆ ਅਤੇ ਸਿੱਖਿਆ ਸਥਾਨਾਂ ’ਤੇ ਫਾਸ਼ੀਵਾਦੀ ਹਮਲੇ ਵਿਰੁੱਧ ਇੱਕ ਮਜ਼ਬੂਤ ਤਾਲਮੇਲ ਬਣਾਉਣ ਅਤੇ ਦਿੱਲੀ ਪੱਧਰ ’ਤੇ ਕੰਮ ਨੂੰ ਵਧਾਉਣ ਦੇਣ ਲਈ ਨਵੀਆਂ ਕਮੇਟੀਆਂ ਚੁਣੀਆਂ ਗਈਆਂ। 135 ਮੈਂਬਰੀ ਸੂਬਾਈ ਕੌਂਸਲ ਦੀ ਚੋਣ ਕੀਤੀ ਗਈ।
ਕੌਂਸਲ ਨੇ 55 ਮੈਂਬਰਾਂ ਦੀ ਇੱਕ ਕਾਰਜਕਾਰੀ ਕਮੇਟੀ ਅਤੇ 23 ਅਹੁਦੇਦਾਰ ਚੁਣੇ ਗਏ। ਕਾਮਰੇਡ ਅਭਿਗਿਆਨ ਨੂੰ ਸਕੱਤਰ ਚੁਣਿਆ ਅਤੇ ਕਾਮਰੇਡ ਸਈਦ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦਿੱਲੀ ਰਾਜ ਇਕਾਈ ਦਾ ਪ੍ਰਧਾਨ ਚੁਣਿਆ ਗਿਆ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਜਿੱਤ ਮਗਰੋਂ ਫਿਰਕੂ ਜਨੂੰਨ ਵਧਣ ਕਾਫ਼ੀ ਚਿੰਤਾਜਨਕ ਹੈ ਤੇ ਇਸ ਦਾ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਅਸਹਿਮਤੀ ਵਾਲੇ ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਮੁਅੱਤਲ ਕਰਕੇ ਨਿਸ਼ਾਨਾ ਬਣਾਉਣ ਤੋਂ ਲੈ ਕੇ ਮੁਸਲਿਮਮਾਨਾਂ ਦੀਆਂ ਦੁਕਾਨਾਂ ’ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣਾ ਡਰ, ਵੰਡ ਅਤੇ ਦਮਨ ਦਾ ਮਾਹੌਲ ਬਣਾਉਣ ਦੀ ਸ਼ਰਮਨਾਕ ਕੋਸ਼ਿਸ਼ ਹੈ ਜਿਸਦਾ ਹਰ ਮੋਰਚੇ ’ਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਮਤੇ ਵਿੱਚ ਦੁਨੀਆ ਵਿੰਚ ਪ੍ਰਗਤੀਸ਼ੀਲ ਲੋਕਤੰਤਰੀ ਸੰਘਰਸ਼ਾਂ ਅਤੇ ਮਜ਼ਦੂਰ ਵਰਗ ਦੇ ਸੰਘਰਸ਼ਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਆਲਮੀ ਮੰਚ ’ਤੇ ਸੱਜੇ-ਪੱਖੀਆਂ ਦੇ ਖ਼ਤਰਨਾਕ ਉਭਾਰ ਦੇ ਨਾਲ ਨਾਲ ਲਾਤੀਨੀ ਅਮਰੀਕਾ ਵਰਗੇ ਸਥਾਨਾਂ ਤੋਂ ਇਸ ਉੱਥਲ-ਪੁੱਥਲ ਵਿਰੁੱਧ ਲੜਾਈ ਵੀ ਹੋ ਰਹੀ ਹੈ। ਫਲਸਤੀਨੀ ਮੁਕਤੀ ਦੇ ਅਧਿਕਾਰ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ, ਨਾਲ ਹੀ ਇਜ਼ਰਾਈਲੀ ਨਸਲਕੁਸ਼ੀ ਨੂੰ ਖਤਮ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਕਾਨਫਰੰਸ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਸੰਗਠਨ ਦੇ ਅੰਦਰ ਅਤੇ ਬਾਹਰ ਲਿੰਗਕ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਝੰਡੇ ਨੂੰ ਮਜ਼ਬੂਤੀ ਨਾਲ ਬੁਲੰਦ ਰੱਖਣ ਦਾ ਅਹਿਦ ਲਿਆ ਗਿਆ।