ਆਂਗਣਵਾੜੀ ਯੂਨੀਅਨ ਦੀ ਡਾਇਰੈਕਟਰ ਨਾਲ ਮੀਟਿੰਗ
ਕੁਲਦੀਪ ਸਿੰਘ
ਚੰਡੀਗੜ੍ਹ, 22 ਮਈ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਦੀ ਮੀਟਿੰਗ ਅੱਜ ਚੰਡੀਗੜ੍ਹ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਸ਼ੀਨਾ ਅਗਰਵਾਲ ਨਾਲ ਹੋਈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਆਂਗਣਵਾੜੀ ਹੈਲਪਰਾਂ ਦੀ ਪ੍ਰਮੋਸ਼ਨ ਸਮੇਂ ਬੀਏ ਪਾਸ ਵਾਲੀ ਸ਼ਰਤ ਹਟਾਈ ਜਾਵੇ, ਜਦੋਂ ਤੱਕ ਇਹ ਸੋਧ ਨਹੀਂ ਹੁੰਦੀ, ਉਦੋਂ ਤੱਕ ਪ੍ਰਮੋਸ਼ਨਾਂ ਨਾ ਕੀਤੀਆਂ ਜਾਣ। ਆਂਗਣਵਾੜੀ ਵਰਕਰਾਂ ਦੀਆਂ ਬਦਲੀਆਂ ਵੀ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਕਰਨ ਲਈ ਛੋਟ ਦਿੱਤੀ ਜਾਵੇ।
ਜਥੇਬੰਦੀ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਜਲਦੀ ਦੇਣ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਜਦੋਂ ਤੱਕ ਫੋਨ ਨਹੀਂ ਮਿਲ ਜਾਂਦੇ, ਉਦੋਂ ਤੱਕ ਈ-ਕੇਵਾਈਸੀ ਦਾ ਕੰਮ ਅਤੇ ਵੈਰੀਫਿਕੇਸ਼ਨਾਂ ਨਹੀਂ ਕੀਤੀਆਂ ਜਾਣਗੀਆਂ। ਆਂਗਣਵਾੜੀ ਸੈਂਟਰਾਂ ਵਿੱਚ ਗਰਮੀ-ਸਰਦੀ ਦੀਆਂ ਛੁੱਟੀਆਂ ਸਰਕਾਰੀ ਸਕੂਲਾਂ ਦੇ ਬਰਾਬਰ ਕੀਤੀਆਂ ਜਾਣ ਤੇ ਇਸ ਸਬੰਧੀ ਵਿਭਾਗ ਵੱਲੋਂ ਚਿੱਠੀ ਜਾਰੀ ਕੀਤੀ ਜਾਵੇ।
ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਹਰ ਮਹੀਨੇ ਦੀ 5 ਤਰੀਕ ਨੂੰ ਪੂਰਾ ਦਿੱਤਾ ਜਾਵੇ। ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਨ ਵਧੀਆ ਕੁਆਲਿਟੀ ਦਾ ਅਤੇ ਲੋੜ ਅਨੁਸਾਰ ਭੇਜਿਆ ਜਾਵੇ। ਪਿਛਲੇ ਦੋ ਸਾਲ ਤੋਂ ਰੁਕਿਆ ਹੋਇਆ ਮੋਬਾਈਲ ਭੱਤਾ ਜਾਰੀ ਕੀਤਾ ਜਾਵੇ। ਵਰਕਰਾਂ ਅਤੇ ਹੈਲਪਰਾਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣ। ਐੱਨਜੀਓ ਵਾਲੇ ਬਲਾਕ ਮੁੜ ਤੋਂ ਵਿਭਾਗ ਅਧੀਨ ਲਿਆਂਦੇ ਜਾਣ। ਡਾਇਰੈਕਟਰ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਵਿੱਚ ਸੋਧ ਕੀਤੀ ਜਾਵੇਗੀ। ਆਂਗਣਵਾੜੀ ਸੈਂਟਰਾਂ ਵਿੱਚ ਸਰਕਾਰੀ ਸਕੂਲਾਂ ਦੇ ਬਰਾਬਰ ਛੁੱਟੀਆਂ ਕਰਨ ਬਾਰੇ ਚਿੱਠੀ ਜਾਰੀ ਕਰਾਂਗੇ। ਪਿਛਲੇ ਦੋ ਸਾਲਾਂ ਦੀ ਬਕਾਇਆ ਰਾਸ਼ੀ ਜਲਦ ਦਿੱਤੀ ਜਾਵੇਗੀ ਤੇ ਇਸ ਵਾਸਤੇ ਬਜਟ ਵੀ ਪਿਆ ਹੈ।
ਆਯੂਸ਼ਮਾਨ ਕਾਰਡ ਬਣਾਉਣ ਅਤੇ ਸਮਾਰਟ ਫੋਨ ਵੀ ਜਲਦ ਦੇਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਯੂਨੀਅਨ ਦੀਆਂ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸਤਵੰਤ ਕੌਰ ਭੋਗਪੁਰ, ਗੁਰਅੰਮ੍ਰਿਤ ਕੌਰ ਸਿੱਧਵਾਂ ਬੇਟ ਅਤੇ ਮਨਜੀਤ ਕੌਰ ਆਦਿ ਵੀ ਮੌਜੂਦ ਸਨ।