ਅੱਠ ਸਾਲ ਪਹਿਲਾਂ ਪਾਇਆ ਸੀਵਰੇਜ ਲੋਕਾਂ ਲਈ ਮੁਸੀਬਤ ਬਣਿਆ
ਸ਼ਸ਼ੀ ਪਾਲ ਜੈਨ
ਖਰੜ, 2 ਜਨਵਰੀ
ਗੁਰੂ ਨਾਨਕ ਕਲੋਨੀ ਦੇ ਵਸਨੀਕਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਪਿਛਲੇ ਅੱਠ ਸਾਲ ਤੋਂ ਇੱਥੇ ਪਿਆ ਸੀਵਰੇਜ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਉੱਥੋਂ ਦੇ ਵਸਨੀਕਾਂ ਨੇ ਸੋਸ਼ਲ ਡਿਵੈੱਲਪਮੈਂਟ ਐਂਡ ਵੈੱਲਫੇਅਰ ਕਮੇਟੀ ਦੇ ਬੈਨਰ ਹੇਠ ਰੱਬੀ ਸਿੰਘ ਚੇਅਰਮੈਨ, ਸੋਮਨਾਥ ਠਾਕੁਰ ਜਨਰਲ ਸਕੱਤਰ, ਬਲਵਿੰਦਰ ਸਿੰਘ ਜੁਆਇੰਟ ਸਕੱਤਰ, ਮਾਸਟਰ ਬਲਵੀਰ ਸਿੰਘ ਖ਼ਜ਼ਾਨਚੀ ਅਤੇ ਹੋਰਨਾਂ ਨੇ ਪੱਤਰ ਵਿੱਚ ਕਿਹਾ ਕਿ ਗੁਰੂ ਨਾਨਕ ਕਲੋਨੀ ਵਿੱਚ ਨਵੇਂ ਸੀਵਰੇਜ ਸਿਸਟਮ ਦੀ ਉਸਾਰੀ ਤੇ ਸਰਕਾਰ ਵੱਲੋਂ 80-90 ਲੱਖ ਰੁਪਏ ਖਰਚ ਕੀਤੇ ਗਏ ਸਨ ਪਰ ਹਾਲੇ ਤੱਕ ਇਸ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਸਕਿਆ।
ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਸਿਸਟਮ ਕਲੋਨੀ ਵਾਸੀਆਂ ਲਈ ਮੁਸੀਬਤ ਬਣ ਗਿਆ ਹੈ। ਉਨ੍ਹਾਂ ਲਿਖਿਆ ਕਿ ਲਾਈਨ ਦੀ ਸਫ਼ਾਈ ਲਈ ਕਮੇਟੀ ਕੋਲ ਲੋੜੀਂਦੀ ਮਸ਼ੀਨਰੀ ਨਾ ਹੋਣ ਕਾਰਣ ਸਾਰੇ ਗਟਰ/ਮੈਨ ਹੋਲ ਓਵਰ ਫਲੋਅ ਹੋ ਰਹੇ ਹਨ। ਉਹ ਪਹਿਲਾਂ ਵੀ ਮੰਗ ਕਰ ਚੁੱਕੇ ਹਨ ਕਿ ਲਾਈਨ ਦੀ ਸਫ਼ਾਈ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ ਅਤੇ ਅਖੀਰ ਵਾਲੀ ਪਿੱਟ ’ਤੇ ਪੰਪ ਲਗਾ ਕੇ ਲਗਾਤਾਰ ਵੇਸਟ ਨੂੰ ਨਾਲ ਵਗਦੇ ਨਾਲੇ ਵਿੱਚ ਸੁੱਟਿਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਲੋਨੀ ਵਾਸੀ ਮਜਬੂਰ ਹੋ ਕੇ ਕੋਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।