ਅੱਜ ਸ਼ਾਮ ਕੀਤਾ ਜਾਵੇਗਾ ਬਲੈਕਆਊਟ ਦਾ ਅਭਿਆਸ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਈ
ਅਪਰੇਸ਼ਨ ਸ਼ੀਲਡ ਅਧੀਨ ਭਲਕੇ 31 ਮਈ ਨੂੰ ਅੰਮ੍ਰਿਤਸਰ ਵਿੱਚ ਸ਼ਾਮ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਅੱਧੇ ਘੰਟੇ ਲਈ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਮਿਤ ਸਰੀਨ ਨੇ ਦਿੰਦਿਆਂ ਦੱਸਿਆ ਕਿ ਇਸ ਬਲੈਕਆਊਟ ਅਭਿਆਸ ਵਿੱਚੋਂ ਅੰਮ੍ਰਿਤਸਰ ਦਾ ਅੰਦਰੂਨੀ ਇਲਾਕਾ ਵਾਲਡ ਸਿਟੀ, ਅੰਮ੍ਰਿਤਸਰ ਦੇ ਹਵਾਈ ਅੱਡਾ ਅਤੇ ਪਿੰਡਾਂ ਨੂੰ ਛੋਟ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ’ਤੇ ਲਾਈਟ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8 ਵਜੇ ਸਾਇਰਨ ਵੱਜਣ ਤਾਂ ਘਰ ਦੇ ਬਾਹਰ ਵਾਲੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਲ ਡਿਫੈਂਸ ਵੱਲੋਂ ਸ਼ਾਮ 6 ਤੋਂ 7 ਵਜੇ ਤੱਕ ਰਣਜੀਤ ਐਵਨਿਊ ਸਥਿਤ ਦਸਹਿਰਾ ਗਰਾਊਂਡ ਵਿੱਚ ਮੌਕ ਡਰਿੱਲ ਵੀ ਕੀਤੀ ਜਾਵੇਗੀ।
ਜਲੰਧਰ (ਹਤਿੰਦਰ ਮਹਿਤਾ): ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 31 ਮਈ ਨੂੰ ਰਾਤ 9:30 ਵਜੇ ਤੋਂ ਰਾਤ 10 ਵਜੇ ਤੱਕ ਜ਼ਿਲ੍ਹੇ ਵਿੱਚ ਬਲੈਕ ਆਊਟ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲੈਕਆਊਟ ਤੋਂ ਪਹਿਲਾਂ ਸਾਇਰਨ ਦੀ ਅਵਾਜ਼ ਸੁਣਾਈ ਦੇਵੇਗੀ ਅਤੇ ਇਸ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਵਾਲੇ ਅਦਾਰਿਆਂ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਲਾਈਟ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਵੀ ਉਕਤ ਸਮੇਂ ਦੌਰਾਨ ਸਟਰੀਟ ਲਾਈਟਾਂ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਜ਼ਿਲ੍ਹਾ ਵਾਸੀ ਜਨਰੇਟਰਾਂ ਅਤੇ ਇਨਵਰਟਰਾਂ ਰਾਹੀਂ ਲਾਈਟ ਦੀ ਵਰਤੋਂ ਨਾ ਕਰਨ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੇ ਅਭਿਆਸ ਦੌਰਾਨ ਘਰਾਂ ਤੋਂ ਬਾਹਰ ਵਾਲੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਹਿਰ ਵਿੱਚ ਸਾਇਰਨ ਹੋਰ ਵਧਾਏ ਗਏ ਹਨ। ਡਾ. ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਬਲੈਕ ਆਊਟ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਇਕ ਅਭਿਆਸ ਵਜੋਂ ਕਰਵਾਇਆ ਜਾ ਰਿਹਾ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਭਿਆਸ ਦੌਰਾਨ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲੈਕ ਆਊਟ ਤੋਂ ਪਹਿਲਾਂ 31 ਮਈ ਨੂੰ ਹੀ ਸ਼ਾਮ 6 ਵਜੇ ਕੈਂਟ ਬੋਰਡ ਦਫ਼ਤਰ, ਨੇੜੇ ਜਵਾਹਰ ਪਾਰਕ ਜਲੰਧਰ ਕੈਂਟ ਵਿਖੇ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਹਿਤਿਆਤ ਵਜੋਂ ਮੌਕ ਡਰਿੱਲ ਕਰਵਾਈ ਜਾਂਦੀ ਹੈ।
ਮੌਕ ਡਰਿੱਲ ਦੌਰਾਨ ਜਿਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲਬੱਧਤਾ, ਸਿਹਤ ਸੇਵਾਵਾਂ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਐੱਨਡੀਆਰਐੱਫ ਤੇ ਐੱਸਡੀਆਰਐੱਫ, ਬੀਐੱਸਐੱਫ ਅਤੇ ਫੌਜ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗ ਸ਼ਾਮਲ ਹੋਣਗੇ ਅਤੇ ਐਮਰਜੈਂਸੀ ਹਾਲਾਤ ਦੌਰਾਨ ਜੋ ਸੁਰੱਖਿਆ ਉਪਾਅ ਵਰਤੇ ਜਾਂਦੇ ਹਨ, ਉਨ੍ਹਾਂ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਅਭਿਆਸ ਕਰਨਗੇ। ਡੀਸੀ ਨੇ ਅਪੀਲ ਕੀਤੀ ਕਿ ਅਭਿਆਸ ਦੌਰਾਨ ਸਰਕਾਰ ਤੇ ਪ੍ਰਸਾਸ਼ਨ ਵਲੋਂ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਤੇ ਹਦਾਇਤਾਂ ਦੀ ਪਾਲਣਾ ਕਰਕੇ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾੳਂਦਿਆਂ ਪੂਰਨ ਸਹਿਯੋਗ ਦਿੱਤਾ ਜਾਵੇ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਦੇ ਅਭਿਆਸ ਵਜੋਂ ਭਲਕੇ 31 ਮਈ ਨੂੰ ਕੇਵਲ ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ’ਚ ਬਲੈਕ ਆਊਟ ਦੀ ਮੌਕ ਡਰਿੱਲ ਰਾਤ 9.30 ਵਜੇ ਤੋਂ 10 ਵਜੇ ਤੱਕ ਹੋਵੇਗੀ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਹ ਕੇਵਲ ਮੌਕ ਡਰਿੱਲ ਹੈ ਜਿਸ ਕਰਕੇ ਲੋਕ ਕਿਸੇ ਵੀ ਘਬਰਾਹਟ ’ਚ ਨਾ ਆਉਣ। ਬਲੈਕਆਊਟ ਦੀ ਮੌਕ ਡਰਿੱਲ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ। ਸਾਇਰਨ ਵੱਜਣ ਮੌਕੇ ਲੋਕ ਆਪਣੇ ਘਰਾਂ/ਦੁਕਾਨਾਂ ਦੀਆਂ ਲਾਇਟਾਂ, ਗਲੋ ਸਾਇਨ ਬੋਰਡ, ਸੀਸੀਟੀਵੀ ਕੈਮਰੇ ਪੂਰਨ ਰੂਪ ’ਚ ਬੰਦ ਕਰ ਦੇਣ। ਇਸ ਸਮੇਂ ਦੌਰਾਨ ਐਮਰਜੈਂਸੀ ਜ਼ਰੂਰੀ ਸਿਹਤ ਸੇਵਾਵਾਂ ਲਈ ਹਸਪਤਾਲਾਂ ਵਿਖੇ ਬਲੈਕਆਊਟ ਲਾਗੂ ਨਹੀਂ ਹੋਵੇਗਾ ਪਰ ਉਹ ਖਿੜਕੀਆਂ ਆਦਿ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਤਾਂ ਜੋ ਲਾਈਟ ਬਾਹਰ ਨਾ ਜਾ ਸਕੇ।
ਪਠਾਨਕੋਟ ’ਚ ਰੇਲਵੇ ਸਟੇਸ਼ਨ ’ਤੇ ਹੋਵੇਗੀ ਮੌਕ ਡਰਿੱਲ
ਪਠਾਨਕੋਟ (ਐੱਨਪੀ ਧਵਨ): ਭਲਕੇ ਕੀਤੀ ਜਾਣ ਵਾਲੀ ਮੌਕ ਡਰਿੱਲ ਅਤੇ ਬਲੈਕਆਊਟ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਦੇ ਨਿਰਦੇਸ਼ਾਂ ਤਹਿਤ ਵਧੀਕ ਡੀਸੀ (ਜ) ਹਰਦੀਪ ਸਿੰਘ ਦੀ ਅਗਵਾਈ ਵਿੱਚ ਅੱਜ ਸ਼ਾਮ ਨੂੰ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਆਰਮੀ, ਏਅਰਫੋਰਸ, ਪੰਜਾਬ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। ਵਧੀਕ ਡਿਪਟੀ ਕਮਿਸ਼ਨਰ (ਜ) ਹਰਦੀਪ ਸਿੰਘ ਨੇ ਦੱਸਿਆ ਕਿ ਇਹ ਅਭਿਆਸ ‘ਅਪਰੇਸ਼ਨ ਸ਼ੀਲਡ’ ਦੇ ਸਿਵਲ ਡਿਫੈਂਸ ਮੌਕ ਡਰਿੱਲ ਵੱਜੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਇਸ ਦੌਰਾਨ ਪਠਾਨਕੋਟ ਅੰਦਰ ਸਾਇਰਨ ਵਜਾਇਆ ਜਾਵੇਗਾ ਅਤੇ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਰੇਲਵੇ ਸਟੇਸ਼ਨ ਤੇ ਮੌਕ ਡਰਿੱਲ ਕੀਤੀ ਜਾਵੇਗੀ। ਇਸ ਉਪਰੰਤ 8 ਵਜੇ ਬਲੈਕ ਆਊਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਲੈਕਆਊਟ ਦੌਰਾਨ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਸਾਰੇ ਲੋਕ ਘਰਾਂ ਦੇ ਅੰਦਰ ਹੀ ਰਹਿਣ।
ਹੁਸ਼ਿਆਰਪੁਰ ’ਚ ਮੌਕ ਡਰਿੱਲ ਅੱਜ
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 31 ਮਈ ਨੂੰ ਹੁਸ਼ਿਆਰਪੁਰ ਵਿੱਚ ਮੌਕ ਡਰਿੱਲ ਤੇ ਬਲੈਕਆਊਟ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.) ਨੇ ਦੱਸਿਆ ਕਿ 31 ਮਈ ਨੂੰ ਸ਼ਾਮ 7:58 ਵਜੇ ਸਾਇਰਨ ਵਜਾਇਆ ਜਾਵੇਗਾ, 8 ਵਜੇ ਤੋਂ ਲੈ ਕੇ 8:15 ਵਜੇ ਤੱਕ ਮੁਕੰਮਲ ਬਲੈਕ ਆਊਟ ਕੀਤਾ ਜਾਵੇਗਾ, ਜਿਸ ਦੌਰਾਨ ਜ਼ਿਲ੍ਹੇ ਦੀ ਬਿਜਲੀ ਸਪਲਾਈ ਬੰਦ ਰਹੇਗੀ।