ਸੈਂਟਰਲ ਕੋਆਪਰੇਟਿਵ ਬੈਂਕ ਕਾਤਰੋਂ ਤੋਂ ਬੜੀ ’ਚ ਤਬਦੀਲ
ਸ਼ੇਰਪੁਰ, 31 ਮਈ
ਸੈਂਟਰਲ ਕੋਆਪਰੇਟਿਵ ਬੈਂਕ ਕਾਤਰੋਂ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਪਿੰਡ ਬੜੀ ਵਿੱਚ ਤਬਦੀਲ ਕੀਤਾ ਗਿਆ ਹੈ ਜਿੱਥੇ ਕਿਸਾਨਾਂ ਦੇ ਖੇਤੀਬਾੜੀ ਨਾਲ ਸਬੰਧਤ ਕਰਜ਼ਿਆਂ ਦੇ ਲੈਣ-ਦੇਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ। ਜ਼ਿਕਰਯੋਗ ਹੈ ਕਿ 26 ਤੇ 27 ਮਈ ਦੀ ਦਰਮਿਆਨੀ ਰਾਤ ਕਾਤਰੋਂ ਬ੍ਰਾਂਚ ਵਿੱਚ ਲੱਗ ਜਾਣ ਨਾਲ ਇਮਾਰਤ ਤੇ ਫਰਨੀਚਰ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸ ਮਗਰੋਂ ਮਗਰੋਂ ਬੈਂਕ ਦੇ ਜ਼ਿਲ੍ਹਾ ਮੈਨੇਜਰ ਤੇ ਹੋਰ ਅਧਿਕਾਰੀਆਂ ਵੱਲੋਂ ਬੈਂਕ ਦਾ ਦੌਰਾ ਕੀਤਾ ਗਿਆ ਅਤੇ ਇਸ ਬੈਂਕ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਪਿੰਡ ਬੜੀ ਦੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਿੱਚ ਤਬਦੀਲ ਕੀਤਾ ਗਿਆ। ਸੈਂਟਰਲ ਕੋਆਪਰੇਟਿਵ ਬੈਂਕ ਕਾਤਰੋਂ ਦੇ ਅੱਗੇ ਬੈਨਰ ਲਟਕਾਇਆ ਗਿਆ ਹੈ ਜਿਸ ਵਿੱਚ ਇਸ ਬੈਂਕ ਦੀ ਜਗ੍ਹਾ ਬਦਲੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਬੈਂਕ ਦੇ ਬੋਰਡ ਡਾਇਰੈਕਟਰ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਦੀ ਇਸ ਬੈਂਕ ਨਾਲ ਦੋ-ਦੋ ਪਿੰਡਾਂ ’ਤੇ ਅਧਾਰਤ ਪੰਜ ਕੋਆਪਰੇਟਿਵ ਸੁਸਾਇਟੀਆਂ ਦੇ ਹਜ਼ਾਰਾਂ ਕਿਸਾਨ ਜੁੜੇ ਹੋਏ ਹਨ ਜਿਸ ਕਰਕੇ ਬੈਂਕ ਦੇ ਨਵ-ਨਿਰਮਾਣ ਦਾ ਕੰਮ ਫੌਰੀ ਤੌਰ ’ਤੇ ਸ਼ੁਰੂ ਕੀਤਾ ਜਾਵੇ। ਬੈਂਕ ਮੈਨੇਜਰ ਬਲਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਬੈਂਕ ਦੀ ਕਾਤਰੋਂ ਤੋਂ ਪਿੰਡ ਬੜੀ ਵਿੱਚ ਜਗ੍ਹਾ ਬਦਲੀ ਦੀ ਪੁਸ਼ਟੀ ਕੀਤੀ। ਸੈਂਟਰਲ ਕੋਆਪਰੇਟਿਵ ਬੈਂਕ ਦੇ ਐੱਮਡੀ ਜਸਪਾਲ ਸਿੰਘ ਨੇ ਕਿਹਾ ਕਿ ਉਂਜ ਦਾ ਕਾਤਰੋਂ ਬੈਂਕ ਨੀਵੀਂ ਹੋਣ ਕਾਰਨ ਇਸ ਮਾਮਲੇ ’ਚ ਲੋੜੀਦੇ ਪ੍ਰਬੰਧਾਂ ਲਈ ਪਿਛਲੇ ਇੱਕ ਸਾਲ ਤੋਂ ਚਾਰਾਜੋਈ ਕੀਤੀ ਜਾ ਰਹੀ ਹੈ।