ਅੰਮ੍ਰਿਤਸਰ: 21 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਦਸੰਬਰ
ਨਗਰ ਨਿਗਮ ਦੀਆਂ ਚੋਣਾਂ ਵਾਸਤੇ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਤੀਜੇ ਦਿਨ ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਵਾਸਤੇ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸਿਰਫ ਇੱਕ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਸਰਕਾਰੀ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਨਗਰ ਪੰਚਾਇਤ ਬਾਬਾ ਬਕਾਲਾ ਵਾਸਤੇ ਅੱਜ ਵੀ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ, ਨਗਰ ਪੰਚਾਇਤ ਰਈਆ ਵਿੱਚ ਇੱਕ ਵਾਰਡ ਵਾਸਤੇ ਤਿੰਨ ਉਮੀਦਵਾਰਾਂ ਨੇ, ਨਗਰ ਪੰਚਾਇਤ ਰਾਜਾ ਸਾਂਸੀ ਦੀਆਂ 13 ਵਾਰਡਾਂ ਵਾਸਤੇ ਹੁਣ ਤੱਕ ਅੱਠ ਉਮੀਦਵਾਰਾਂ ਨੇ, ਨਗਰ ਕੌਂਸਲ ਮਜੀਠਾ ਦੀ ਇੱਕ ਵਾਰਡ ਵਾਸਤੇ ਹੁਣ ਤੱਕ ਕਿਸੇ ਵਿਅਕਤੀ ਵੱਲੋਂ ਨਹੀਂ, ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਵਾਸਤੇ ਹੁਣ ਤੱਕ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇੰਜ ਜ਼ਿਲ੍ਹੇ ਦੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ 115 ਵਾਰਡਾਂ ਵਿੱਚੋਂ ਸਿਰਫ 34 ਉਮੀਦਵਾਰਾਂ ਵੱਲੋਂ ਹੀ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਦੌਰਾਨ ਭਾਜਪਾ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਵਾਸਤੇ 85 ਵਾਰਡਾਂ ਲਈ ਆਪਣੇ ਉਮੀਦਵਾਰ ਦੇ ਨਾਵਾਂ ਦੀ ਸੂਚੀ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਦੋਂ ਕਿ ਕਾਂਗਰਸ ਵੱਲੋਂ 37 ਉਮੀਦਵਾਰਾਂ ਅਤੇ ਆਮ ਆਦਮੀ ਪਾਰਟੀ ਵੱਲੋਂ 75 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੱਛੜ ਗਿਆ ਹੈ ਅਤੇ ਅੱਜ ਪੱਛਮੀ ਵਿਧਾਨ ਸਭਾ ਹਲਕੇ ਦੇ ਹੇਠ ਆਉਂਦੀਆਂ ਵਾਰਡਾਂ ਦੇ ਕੁਝ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।