ਅੰਮ੍ਰਿਤਸਰ ਦੇ ਹਿੰਦੂ ਕਾਲਜ ’ਚ ਸਾਬਕਾ ਪ੍ਰਧਾਨ ਮੰਤਰੀ ਨਮਿਤ ਸੋਗ ਸਭਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਦਸੰਬਰ
ਸਥਾਨਕ ਹਿੰਦੂ ਸਭਾ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਅੱਜ ਹਿੰਦੂ ਕਾਲਜ ਅਲੂਮਨੀ ਐਸੋਸੀਏਸ਼ਨ ਨੇ ਉਨ੍ਹਾਂ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਨ ਲਈ ਇਕ ਸੋਗ ਸਭਾ ਕੀਤੀ। ਦੱਸਣਯੋਗ ਹੈ ਕਿ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਵੰਡ ਤੋਂ ਬਾਅਦ ਪਾਕਿਸਤਾਨ ਦੇ ਚਕਵਾਲ ਜ਼ਿਲ੍ਹੇ ਦੇ ਪਿੰਡ ਗਾਹ ਤੋਂ ਪਰਵਾਸ ਕਰਕੇ ਅੰਮ੍ਰਿਤਸਰ ਆ ਗਏ ਸਨ। ਉਨ੍ਹਾਂ ਨੇ ਹਿੰਦੂ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਇਕਨਾਮਿਕਸ, ਅੰਗਰੇਜ਼ੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਸਿਖਰਲੇ ਸਨਮਾਨ ਪ੍ਰਾਪਤ ਕੀਤੇ। ਉਹ ਕਾਲਜ ਲਈ ਰੋਲ ਆਫ਼ ਆਨਰ ਪ੍ਰਾਪਤ ਕਰਨ ਵਾਲੇ ਪਹਿਲੇ ਵਿਦਿਆਰਥੀ ਸਨ ਅਤੇ ਉਨ੍ਹਾਂ ਦਾ ਨਾਮ ਬੋਰਡ ਦੀ ਸੂਚੀ ਵਿੱਚ ਸਿਖਰ ’ਤੇ ਹੈ। ਅਜ ਇਸ ਸਮਾਗਮ ਵਿੱਚ ਕਾਲਜ ਦੀ ਸਮੁੱਚੀ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਹ ਨਾ ਸਿਰਫ਼ ਇੱਕ ਸੁਲਝੇ ਪ੍ਰਧਾਨ ਮੰਤਰੀ ਸਨ, ਸਗੋਂ ਇੱਕ ਸਟੇਟਸਮੈਨ ਅਤੇ ਨਿਮਰਤਾ ਦੇ ਪ੍ਰਤੀਕ ਵੀ ਸਨ। ਪਿੰਗਲਵਾੜਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਡਾ. ਮਨਮੋਹਨ ਸਿੰਘ ਦੇ ਕਈ ਦੌਰਿਆਂ ਅਤੇ ਮੁਲਾਕਾਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਭਗਤ ਜੀ ਦੀ ਮਨੁੱਖੀ ਪਹੁੰਚ ਦੇ ਮੁਦੱਈ ਸਨ। ਵਿਧਾਇਕ ਡਾ. ਕੁੰਵਰ ਵਿਜੈਪ੍ਰਤਾਪ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਸਾਦੇ ਜੀਵਨ ਅਤੇ ਉੱਚ ਵਿਚਾਰਾਂ ਤੋਂ ਪ੍ਰਭਾਵਿਤ ਸਨ ,ਜਿਨ੍ਹਾਂ ਨੇ ਕਦੇ ਵੀ ਰਾਜਨੀਤੀ ਨਹੀਂ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਾਰਤ ਨੇ ਇੱਕ ਮਹਾਨ ਦੂਰਅੰਦੇਸ਼ੀ ਅਤੇ ਅੰਮ੍ਰਿਤਸਰ ਨੇ ਇੱਕ ਹੋਣਹਾਰ ਪੁੱਤਰ ਨੂੰ ਗੁਆ ਦਿੱਤਾ ਹੈ। ਡਾ. ਮਨਮੋਹਨ ਸਿੰਘ ਦੇ ਸਮਕਾਲੀ ਅਤੇ ਵਕੀਲ ਸੁਦਰਸ਼ਨ ਕਪੂਰ ਨੇ ਦੱਸਿਆ ਕਿ ਉਹ ਅਤੇ ਡਾ. ਮਨਮੋਹਨ ਸਿੰਘ ਇਕੱਠੇ ਬਹਿਸ ਮੁਕਾਬਲੇ ਲਈ ਜਾਂਦੇ ਹੁੰਦੇ ਸਨ। ਹਿੰਦੂ ਕਾਲਜ ਦੇ ਚੇਅਰਮੈਨ ਪਰਦੀਪ ਮਹਿਰਾ ਨੇ ਡਾ. ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਓਪੀ ਸੋਨੀ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਵੀ ਸ਼ਰਧਾਂਜਲੀ ਭੇਟ ਕੀਤੀ।